12 ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ, ਪੰਜ ਮੁਲਜ਼ਮ ਨਾਬਾਲਗ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਾਨਕ ਇਲਾਕੇ ਵਿਚ 12 ਸਾਲਾ ਬੱਚੀ ਨੂੰ ਅਗ਼ਵਾ ਕਰਨ ਅਤੇ ਤਿੰਨ ਦਿਨ ਉਸ ਨਾਲ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ............

Gangrape

ਮੁਜ਼ਫਰਨਗਰ : ਸਥਾਨਕ ਇਲਾਕੇ ਵਿਚ 12 ਸਾਲਾ ਬੱਚੀ ਨੂੰ ਅਗ਼ਵਾ ਕਰਨ ਅਤੇ ਤਿੰਨ ਦਿਨ ਉਸ ਨਾਲ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਤਵਾਲੀ ਪੁਲਿਸ ਸਟੇਸ਼ਨ ਦੇ ਅਧੀਨ ਪੈਂਦੇ ਖੇਤਰ ਵਿਚ ਵਾਪਰੀ ਇਹ ਘਟਨਾ ਹਾਲਾਂਕਿ ਪਿਛਲੇ ਮਹੀਨੇ ਵਾਪਰੀ ਸੀ ਪਰ ਪੁਲਿਸ ਨੇ ਕਲ ਇਸ ਮਾਮਲੇ ਵਿਚ ਛੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿਚੋਂ ਪੰਜ ਮੁਲਜ਼ਮ ਨਾਬਾਲਗ਼ ਹਨ। ਇਨ੍ਹਾਂ ਦੀ ਉਮਰ 14 ਤੋਂ 16 ਸਾਲ ਵਿਚਾਲੇ ਹੈ ਅਤੇ ਇਹ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। 

ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੀ ਨੂੰ ਮੈਡੀਕਲ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਬੱਚੀ ਦੀ ਦਾਦੀ ਨੇ ਦਸਿਆ ਕਿ 26 ਜੂਨ ਨੂੰ ਜਦ ਬੱਚੀ ਜ਼ਿਲ੍ਹੇ ਦੇ ਕੁਕਰਾ ਪਿੰਡ ਜਾ ਰਹੀ ਸੀ ਤਾਂ ਉਸ ਨੂੰ ਕਾਰ ਵਿਚ ਬਿਠਾ ਕੇ ਅਗ਼ਵਾ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਪੀੜਤ ਬੱਚੀ ਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਉਹ ਹੁਣ ਅਪਣੀ ਦਾਦੀ ਕੋਲ ਹੀ ਰਹਿੰਦੀ ਹੈ। 

ਜ਼ਿਕਰਯੋਗ ਹੈ ਕਿ ਪੀੜਤ ਬੱਚੀ ਅਤੇ ਉਸ ਦੀ ਦਾਦੀ ਨੇ ਬਲਾਤਕਾਰੀਆਂ ਵਿਰੁਧ ਸ਼ਿਕਾਇਤ ਦਰਜ ਕਰਨ ਦੀ ਮੰਗ ਸਬੰਧੀ ਹਾਲ ਹੀ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਬਾਹਰ ਧਰਨਾ ਦਿਤਾ ਸੀ। ਇਨ੍ਹਾਂ ਦਾਅਵਾ ਕੀਤਾ ਸੀ ਕਿ ਪੁਲਿਸ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਰਹੀ ਹੈ।    (ਪੀ.ਟੀ.ਆਈ.)