ਪ੍ਰੋਫ਼ੈਸਰ ਨੇ ਦਿੱਤੀ ਮਿਸਾਲ: 3 ਸਾਲ ਤੱਕ ਪੜ੍ਹਾਉਣ ਲਈ ਨਹੀਂ ਮਿਲੀ ਕਲਾਸ ਤਾਂ ਵਾਪਸ ਕੀਤੀ 23 ਲੱਖ ਸੈਲਰੀ
ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿਚ ਨਿਯੁਕਤ ਕਰਨ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ।
ਪਟਨਾ: ਬਿਹਾਰ ਦੇ ਮੁਜ਼ੱਫਰਪੁਰ ਸਥਿਤ ਭੀਮ ਰਾਓ ਅੰਬੇਡਕਰ ਬਿਹਾਰ ਯੂਨੀਵਰਸਿਟੀ ਵਿਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਪੜ੍ਹਾਉਣ ਲਈ ਕਲਾਸ ਨਾ ਮਿਲਣ ਕਾਰਨ ਇਕ ਪ੍ਰੋਫੈਸਰ ਨੇ ਯੂਨੀਵਰਸਿਟੀ ਨੂੰ ਆਪਣੀ 3 ਸਾਲ ਦੀ ਸਾਰੀ ਤਨਖਾਹ ਵਾਪਸ ਕਰ ਦਿੱਤੀ। ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿਚ ਨਿਯੁਕਤ ਕਰਨ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ।
Salary
ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਤੋਂ ਦੁਖੀ ਹੋ ਕੇ ਨਿਤੀਸ਼ਵਰ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਲਲਨ ਕੁਮਾਰ ਨੇ ਆਪਣੀ ਤਿੰਨ ਸਾਲਾਂ ਦੀ ਪੂਰੀ ਤਨਖ਼ਾਹ 23 ਲੱਖ 82 ਹਜ਼ਾਰ 228 ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤੀ ਹੈ। ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਹੈ।
ਡਾ. ਲਲਨ ਕੁਮਾਰ ਨੂੰ 24 ਸਤੰਬਰ 2019 ਨੂੰ ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਦੁਆਰਾ ਸਹਾਇਕ ਪ੍ਰੋਫੈਸਰ ਵਜੋਂ ਚੁਣਿਆ ਗਿਆ ਸੀ। ਬੀਆਰਏ ਬਿਹਾਰ ਯੂਨੀਵਰਸਿਟੀ ਦੇ ਤਤਕਾਲੀ ਵੀਸੀ ਰਾਜਕੁਮਾਰ ਮੰਡਰ ਨੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਸਾਰੇ ਚੁਣੇ ਹੋਏ ਪ੍ਰੋਫੈਸਰਾਂ ਨੂੰ ਮਨਮਾਨੇ ਢੰਗ ਨਾਲ ਤਾਇਨਾਤ ਕਰ ਦਿੱਤਾ।
Salary
ਉਹਨਾਂ ਨੇ ਮੈਰਿਟ ਅਤੇ ਰੈਂਕ ਦੀ ਉਲੰਘਣਾ ਕਰਕੇ ਘੱਟ ਨੰਬਰਾਂ ਵਾਲੇ ਨੂੰ ਪੀਜੀ ਅਤੇ ਚੰਗੇ ਕਾਲਜ ਦਿੱਤੇ। ਬਿਹਤਰ ਰੈਂਕ ਵਾਲੇ ਅਜਿਹੇ ਕਾਲਜਾਂ ਵਿਚ ਭੇਜੇ ਗਏ ਜਿੱਥੇ ਕਿਸੇ ਕਿਸਮ ਦੀਆਂ ਕਲਾਸਾਂ ਨਹੀਂ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਨੇ 4 ਅਰਜ਼ੀਆਂ ਲਿਖ ਕੇ ਮੰਗ ਕੀਤੀ ਕਿ ਮੇਰੇ ਕਾਲਜ ਵਿਚ ਪੜ੍ਹਾਈ ਨਹੀਂ ਹੁੰਦੀ। ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਮੈਨੂੰ PG ਵਿਭਾਗ, LS ਕਾਲਜ ਜਾਂ RDS ਕਾਲਜ ਵਿਚ ਟ੍ਰਾਂਸਫਰ ਕਰੋ ਜਿੱਥੇ ਕਲਾਸਾਂ ਚੱਲਦੀਆਂ ਹਨ। ਤਾਂ ਜੋ ਮੈਂ ਬੱਚਿਆਂ ਨੂੰ ਪੜ੍ਹਾ ਸਕਾਂ ਅਤੇ ਆਪਣੇ ਗਿਆਨ ਦੀ ਚੰਗੀ ਵਰਤੋਂ ਕਰ ਸਕਾਂ। ਹਰ ਬੇਨਤੀ ਤੋਂ ਬਾਅਦ ਵੀ ਮੇਰੀ ਬਦਲੀ ਨਹੀਂ ਹੋਈ।
Babasaheb Bhimrao Ambedkar Bihar University
ਉਹਨਾਂ ਦੱਸਿਆ, “ਅਖੀਰ ਵਿਚ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਮੈਂ 25 ਸਤੰਬਰ 2019 ਤੋਂ ਮਈ 2022 ਤੱਕ ਪ੍ਰਾਪਤ ਹੋਈ ਸਾਰੀ ਤਨਖਾਹ ਯੂਨੀਵਰਸਿਟੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੋਣ ਕਾਰਨ ਮੈਂ ਚਾਹੁੰਦੇ ਹੋਏ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹਾਂ। ਇਸ ਸਥਿਤੀ ਵਿਚ ਤਨਖਾਹ ਸਵੀਕਾਰ ਕਰਨਾ ਮੇਰੇ ਲਈ ਅਨੈਤਿਕ ਹੈ”। ਨਿਤੇਸ਼ਵਰ ਕਾਲਜ ਵਿਚ ਦਾਖ਼ਲਾ ਲੈਣ ਤੋਂ ਬਾਅਦ ਬੱਚੇ ਸਿਰਫ਼ ਇਮਤਿਹਾਨ ਦੇਣ ਆਉਂਦੇ ਹਨ। ਕਹਿਣ ਨੂੰ ਕਾਲਜ ਵਿਚ ਕੁੱਲ 1100 ਬੱਚੇ ਹਨ। ਹਿੰਦੀ ਵਿਭਾਗ ਵਿਚ ਸਿਰਫ਼ 110 ਬੱਚੇ ਹਨ ਪਰ ਪਿਛਲੇ 3 ਸਾਲਾਂ ਵਿਚ ਹਿੰਦੀ ਦੀਆਂ 10 ਜਮਾਤਾਂ ਵੀ ਨਹੀਂ ਲੱਗੀਆਂ।
ਡਾ. ਲਲਨ ਕੁਮਾਰ ਨੇ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਜੇਐਨਯੂ ਤੋਂ ਪੀਜੀ। ਉਹ ਦੋਵਾਂ ਥਾਵਾਂ 'ਤੇ ਯੂਨੀਵਰਸਿਟੀ ਟਾਪਰ ਰਹੇ ਹਨ। ਉਹਨਾਂ ਨੂੰ ਗ੍ਰੈਜੂਏਸ਼ਨ ਵਿਚ ਅਕਾਦਮਿਕ ਉੱਤਮਤਾ ਲਈ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਐਮਫਿਲ ਅਤੇ ਪੀਐਚਡੀ ਵੀ ਕੀਤੀ ਹੈ। ਡਾ. ਲਲਨ ਕੁਮਾਰ ਦੇ ਮਾਮਲੇ 'ਤੇ ਯੂਨੀਵਰਸਿਟੀ ਦੇ ਰਜਿਸਟਰਾਰ ਰਾਮ ਕ੍ਰਿਸ਼ਨ ਠਾਕੁਰ ਨੇ ਕਿਹਾ ਕਿ ਕਿਸੇ ਵੀ ਪ੍ਰੋਫੈਸਰ ਤੋਂ ਤਨਖ਼ਾਹ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ ਹੈ| ਉਹਨਾਂ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਅੱਜ ਹੀ ਕਾਲਜ ਪ੍ਰਿੰਸੀਪਲ ਨੂੰ ਤਲਬ ਕੀਤਾ ਜਾਵੇਗਾ। ਇਸ ਤੋਂ ਬਾਅਦ ਡਾ: ਲਾਲਨ ਜਿਸ ਕਾਲਜ ਵਿਚ ਜਾਣਾ ਚਾਹੁੰਦੇ ਹਨ, ਉਸ ਨੂੰ ਤੁਰੰਤ ਉੱਥੇ ਡੈਪੂਟੇਸ਼ਨ ਦਿੱਤਾ ਜਾਵੇਗਾ। ਫਿਲਹਾਲ ਨਾ ਤਾਂ ਉਹਨਾਂ ਦਾ ਚੈੱਕ ਸਵੀਕਾਰ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਦਾ ਅਸਤੀਫਾ।