ਨਾ ਸੋਨਾ ਨਾ ਚਾਂਦੀ... ਚੋਰਾਂ ਨੇ ਖੇਤ 'ਚੋਂ 2.5 ਲੱਖ ਦੇ ਟਮਾਟਰ ਕੀਤੇ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਲਾ ਕਿਸਾਨ ਰੋਂਦਿਆ ਬੋਲੀ- ਕਰਜ਼ਾ ਲੈ ਕੇ ਕੀਤੀ ਸੀ ਖੇਤੀ, ਹੁਣ ਕੀ ਕਰੀਏ?

photo

 

ਕਰਨਾਟਕ: ਇਨ੍ਹੀਂ ਦਿਨੀਂ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕੁਝ ਸਮੇਂ ਤੋਂ ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਮੁਨਾਫਾਖੋਰਾਂ ਨੇ ਇਸ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਕਰ ਦਿਤੀ ਹੈ। ਮਹਿੰਗੇ ਹੋਣ ਕਾਰਨ ਲੋਕਾਂ ਨੇ ਟਮਾਟਰਾਂ ਦੀ ਖਰੀਦ ਵੀ ਘਟਾ ਦਿਤੀ ਹੈ। ਮੰਡੀ ਵਿਚ ਟਮਾਟਰ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਅਜਿਹੇ 'ਚ ਆਮ ਲੋਕਾਂ ਦਾ ਸਬਜ਼ੀਆਂ ਦਾ ਸਵਾਦ ਵੀ ਵਿਗੜ ਗਿਆ ਹੈ। ਇਸ ਦੌਰਾਨ ਕਾਲਾਬਾਜ਼ਾਰੀ ਤੋਂ ਬਾਅਦ ਹੁਣ ਟਮਾਟਰ ਦੀ ਫ਼ਸਲ ਚੋਰੀ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।

ਇਹ ਵੀ ਪੜ੍ਹੋ: ਪਟਿਆਲਾ 'ਚ ਕਰੰਟ ਲੱਗਣ ਨਾਲ ਮਾਂ ਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੌਤ

ਤਾਜ਼ਾ ਮਾਮਲਾ ਕਰਨਾਟਕ ਦੇ ਹਾਸਨ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਸ ਦੇ ਖੇਤਾਂ 'ਚੋਂ ਚੋਰਾਂ ਨੇ ਟਮਾਟਰ ਦੀ ਖੜੀ ਫਸਲ ਚੋਰੀ ਕਰ ਲਈ। ਮਹਿਲਾ ਕਿਸਾਨ ਨੇ ਅਪਣਾ ਦੁਖੜਾ ਰੋਂਦਿਆ ਹੋਇਆ ਕਿਹਾ ਕਿ ਕਰਨਾਟਕ ਦੇ ਹਾਸਨ ਜ਼ਿਲ੍ਹੇ ਦੇ ਹਲੇਬੀਡੂ ਥਾਣੇ ਦੇ ਅਧੀਨ 4 ਜੁਲਾਈ ਦੀ ਰਾਤ ਨੂੰ ਉਸਦੇ ਖੇਤ ਵਿਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਸਨ। ਮਹਿਲਾ ਕਿਸਾਨ ਧਾਰਨੀ ਨੇ ਦਸਿਆ ਕਿ ਉਸ ਨੇ 2 ਏਕੜ ਜ਼ਮੀਨ ਵਿਚ ਟਮਾਟਰ ਉਗਾਏ ਹਨ ਅਤੇ ਹੁਣ ਟਮਾਟਰ ਵੀ ਵਾਢੀ ਤੋਂ ਬਾਅਦ ਬਾਜ਼ਾਰ 'ਚ ਲਿਜਾਣ ਲਈ ਤਿਆਰ ਸਨ। 

ਇਹ ਵੀ ਪੜ੍ਹੋ: ਮਾਲ ਵਿਭਾਗ ਦੀ ਬਦਲੇਗੀ ਡਿਕਸ਼ਨਰੀ, 1947 ਤੋਂ ਚੱਲੇ ਆ ਰਹੇ ਉਰਦੂ-ਫਾਰਸੀ ਦੇ 150 ਤੋਂ ਜ਼ਿਆਦਾ ਸ਼ਬਦ ਜਾਣਗੇ ਬਦਲੇ

ਮਹਿਲਾ ਕਿਸਾਨ ਨੇ ਦਸਿਆ ਕਿ ਬੈਂਗਲੁਰੂ ਵਿਚ ਟਮਾਟਰ 120 ਰੁਪਏ ਕਿਲੋ ਵਿਕ ਰਿਹਾ ਹੈ। ਅਜਿਹੇ 'ਚ ਉਨ੍ਹਾਂ ਨੇ ਯੋਜਨਾ ਬਣਾਈ ਸੀ ਕਿ ਫਸਲ ਕੱਟ ਕੇ ਮੰਡੀ 'ਚ ਵੇਚੀ ਜਾਵੇ। ਉਨ੍ਹਾਂ ਦੱਸਿਆ ਕਿ ਸੇਮ ਦੀ ਫ਼ਸਲ ਤਿਆਰ ਕਰਨ ਵੇਲੇ ਵੀ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਨਾਲ ਹੀ ਉਸ ਨੇ ਟਮਾਟਰ ਉਗਾਉਣ ਲਈ ਕਰਜ਼ਾ ਲੈ ਲਿਆ ਸੀ।

ਇਸ ਵਾਰ ਉਸ ਦੀ ਟਮਾਟਰ ਦੀ ਫ਼ਸਲ ਬਹੁਤ ਵਧੀਆ ਰਹੀ ਅਤੇ ਮੰਡੀ ਵਿਚ ਟਮਾਟਰਾਂ ਦਾ ਭਾਅ ਜ਼ਿਆਦਾ ਹੋਣ ਕਾਰਨ ਉਸ ਨੂੰ ਚੰਗਾ ਮੁਨਾਫ਼ਾ ਮਿਲਣ ਦੀ ਉਮੀਦ ਸੀ ਪਰ ਚੋਰਾਂ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਅਤੇ ਸਾਰੀ ਫ਼ਸਲ ਚੋਰੀ ਕਰ ਲਈ। ਧਾਰਨੀ ਦਾ ਕਹਿਣਾ ਹੈ ਕਿ ਚੋਰਾਂ ਨੇ ਕਰੀਬ 50-60 ਬੋਰੀ ਟਮਾਟਰ ਚੋਰੀ ਕਰ ਲਏ ਅਤੇ ਬਾਕੀ ਖੜ੍ਹੀ ਫਸਲ ਨੂੰ ਵੀ ਨਸ਼ਟ ਕਰ ਦਿਤੀ। ਇਸ ਸਬੰਧੀ ਥਾਣਾ ਹਲੇਬੀਡੂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।