ਕੱਲ੍ਹ ਤੋਂ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਕਿਸਾਨ ਰੇਲ, ਇਹਨਾਂ ਸੂਬਿਆਂ ਨੂੰ ਮਿਲੇਗਾ ਲਾਭ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਿਸਾਨਾਂ ਨੂੰ ਆਰਥਕ ਪੱਖੋਂ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਇਸ ਸਾਲ ਤੋਂ ਕਿਸਾਨ ਰੇਲ ਸ਼ੁਰੂ ਕਰਨ ਦਾ ਐਲ਼ਾਨ ਕੀਤਾ ਸੀ।

Kisan Rail

ਨਵੀਂ ਦਿੱਲੀ: ਦੇਸ਼ ਦੇ ਕਿਸਾਨਾਂ ਨੂੰ ਆਰਥਕ ਪੱਖੋਂ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਇਸ ਸਾਲ ਤੋਂ ਕਿਸਾਨ ਰੇਲ ਸ਼ੁਰੂ ਕਰਨ ਦਾ ਐਲ਼ਾਨ ਕੀਤਾ ਸੀ। ਹੁਣ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਭਾਰਤੀ ਰੇਲਵੇ ਨੇ 7 ਅਗਸਤ ਯਾਨੀ ਕੱਲ ਤੋਂ ਕਿਸਾਨ ਰੇਲ ਸੇਵਾ ਸ਼ੁਰੂ ਕਰਨ ਦਾ ਐਲ਼ਾਨ ਕੀਤਾ ਹੈ। ਇਸ ਨਵੀਂ ਸੇਵਾ ਨਾਲ ਦੇਸ਼ ਦੇ ਕਈ ਸੂਬਿਆਂ ਦੇ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲਣ ਵਾਲਾ ਹੈ।

ਮਹਾਰਾਸ਼ਟਰ ਤੋਂ ਬਿਹਾਰ ਵਿਚਕਾਰ ਚੱਲੇਗੀ ਪਹਿਲੀ ਕਿਸਾਨ ਰੇਲ ਸੇਵਾ

ਜਾਣਕਾਰਾਂ ਦਾ ਕਹਿਣਾ ਹੈ ਕਿ ਕਿਸਾਨ ਰੇਲ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਬਿਹਾਰ ਵਿਚਕਾਰ ਹੋ ਰਹੀ ਹੈ। ਭਾਰਤੀ ਰੇਲਵੇ ਨੇ ਪਹਿਲੀ ਕਿਸਾਨ ਰੇਲ ਨੂੰ ਮਹਾਰਾਸ਼ਟਰ ਦੇ ਦੇਵਲਾਲੀ ਰੇਲਵੇ ਸਟੇਸ਼ਨ ਤੋਂ ਬਿਹਾਰ ਸਥਿਤ ਦਾਨਾਪੁਰ ਰੇਲਵੇ ਸਟੇਸ਼ਨ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। 7 ਅਗਸਤ ਨੂੰ ਪਹਿਲੀ ਕਿਸਾਨ ਰੇਲ ਦੇਵਲਾਲੀ ਤੋਂ ਚੱਲ ਕੇ ਦਾਨਾਪੁਰ ਪਹੁੰਚੇਗੀ। ਕਿਸਾਨ ਰੇਲ ਇਹਨਾਂ ਦੋ ਸਟੇਸ਼ਨਾਂ ਵਿਚਕਾਰ ਲਗਭਗ 1519 ਕਿਲੋਮੀਟਰ ਦਾ ਸਫਰ ਕਰੀਬ 32 ਘੰਟਿਆਂ ਵਿਚ ਤੈਅ ਕਰੇਗੀ।

ਇਹ ਹੋਵੇਗਾ ਕਿਸਾਨ ਰੇਲ ਦਾ ਰੂਟ

ਕਿਸਾਨ ਰੇਲ ਮਹਾਰਾਸ਼ਟਰ ਦੇ ਦੇਵਲਾਲੀ-ਨਾਸਿਕ ਰੋਡ ਤੋਂ ਚੱਲ ਕੇ ਮਨਮਾਡ, ਜਲਗਾਂਓ, ਭੁਸਾਵਲ, ਬੁਰਹਾਨਪੁਰ, ਖੰਡਵਾ, ਇਟਾਰਸੀ, ਜਬਲਪੁਰ, ਕਟਨੀ, ਮਾਨਿਕਪੁਰ, ਪ੍ਰਯਾਗਰਾਜ, ਪੰਡਿਤ ਦੀਨਦਿਆਲ ਉਪਾਧਿਆ ਨਗਰ ਤੋਂ ਹੁੰਦਿਆਂ ਹੋਇਆ ਬਕਸਰ ਆ ਕੇ ਰੁਕੇਗੀ। ਕੁਲ ਮਿਲਾ ਕੇ ਇਸ ਪਹਿਲੇ ਰੂਟ ਵਿਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਿਸਾਨਾਂ ਨੂੰ ਫਾਇਦਾ ਮਿਲਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਕੇਂਦਰੀ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਸਾਨਾਂ ਲਈ ਖ਼ਾਸ ਰੇਲ ਚਲਾਉਣ ਦਾ ਐਲਾਨ ਕੀਤਾ ਸੀ। ਦਰਅਸਲ ਕਿਸਾਨ ਰੇਲ ਇਕ ਤਰ੍ਹਾਂ ਦੀ ਖ਼ਾਸ ਯਾਤਰੀ ਟਰੇਨ ਹੋਵੇਗੀ, ਜਿਸ ਦੀ ਵਰਤੋਂ ਅਨਾਜ, ਫਲ ਅਤੇ ਸਬਜ਼ੀਆਂ ਨੂੰ ਲਿਆਉਣ ਲਈ ਕੀਤੀ ਜਾ ਸਕੇਗੀ।