ਪੰਜਾਬ ’ਵਰਸਟੀ ਚੋਣਾਂ: NSUI ਦੇ ਜਤਿੰਦਰ ਸਿੰਘ ਬਣੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ
‘ਸੱਥ’ ਦੀ ਰਣਮੀਕਜੋਤ ਕੌਰ ਬਣੀ ਉਪ-ਪ੍ਰਧਾਨ
ਚੰਡੀਗੜ੍ਹ: ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਨੇ ਬੁਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ।
ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ‘ਛਾਤਰ ਯੁਵਾ ਸੰਘਰਸ਼ ਸਮਿਤੀ’ (ਸੀ.ਵਾਈ.ਐਸ.ਐਸ.) ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੀਆਂ ਚੋਣਾਂ ਵਿਚ ਸੀ.ਵਾਈ.ਐਸ.ਐਸ. ਨੇ ਪੀਯੂ ਵਿਚ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਚੋਣ ਜਿੱਤੀ ਸੀ। ਇਸ ਵਾਰ ਸੰਸਥਾ ਨੂੰ ਦੂਜੇ ਸਥਾਨ 'ਤੇ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ 'ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿਚ ਐਨ.ਐਸ.ਯੂ.ਆਈ. ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।
ਪਿਛਲੇ ਸਾਲ (ਸਾਲ 2022) ਐਨ.ਐਸ.ਯੂ.ਆਈ. ਨੇ ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਦੋ ਅਹੁਦੇ ਜਿੱਤੇ ਸਨ ਅਤੇ ਇਸ ਤੋਂ ਪਹਿਲਾਂ ਸਾਲ 2021 ਵਿਚ ਐਨ.ਐਸ.ਯੂ.ਆਈ. ਦੇ ਨੇ ਪ੍ਰਧਾਨ ਦੇ ਅਹੁਦੇ ਨੂੰ ਛੱਡ ਕੇ ਸਾਰੀਆਂ ਤਿੰਨ ਸੀਟਾਂ ਜਿੱਤੀਆਂ ਸਨ। ਇਸ ਵਾਰ ਪ੍ਰਧਾਨ ਦਾ ਅਹੁਦਾ ਹੀ ਜਿੱਤਿਆ ਗਿਆ। ਏ.ਬੀ.ਵੀ.ਪੀ. ਨੇ ਕੋਈ ਅਹੁਦਾ ਨਹੀਂ ਜਿੱਤਿਆ ਹੈ। ਇਸ ਦੇ ਨਾਲ ਹੀ ਪੀ.ਯੂ. ਦੀਆਂ ਸਾਰੀਆਂ ਸੀਟਾਂ 'ਤੇ ਛਾਤਰ ਯੁਵਾ ਸੰਘਰਸ਼ ਸਮਿਤੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਉਪ-ਪ੍ਰਧਾਨ ਬਣੀ ‘ਸੱਥ’ ਦੀ ਰਣਮੀਕਜੋਤ ਕੌਰ
ਪੀਯੂ ਸਟੂਡੈਂਟਸ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੱਥ ਦੀ ਰਣਮੀਕਜੋਤ ਕੌਰ ਜੇਤੂ ਰਹੀ ਹੈ। ਰਣਮੀਕਜੋਤ ਕੌਰ 765 ਵੋਟਾਂ ਨਾਲ ਜੇਤੂ ਰਹੀ। ਸੰਯੁਕਤ ਸਕੱਤਰ ਦੇ ਅਹੁਦੇ 'ਤੇ ਪੀ.ਯੂ.ਐਚ.ਐਚ. ਦੇ ਗੌਰਵ ਚਾਹਲ 103 ਵੋਟਾਂ ਨਾਲ ਜੇਤੂ ਰਹੇ ਹਨ। ਜਨਰਲ ਸਕੱਤਰ ਦੇ ਅਹੁਦੇ ਲਈ ਇਨਸੋ ਦੇ ਦੀਪਕ ਗੋਇਤ ਨੇ 1811 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।