ਕਸ਼ਮੀਰ ਦੇ ਹਾਲਾਤ ਆਮ, ਧਾਰਾ 370 ਹਟਾਉਣ ਤੋਂ ਲੋਕ ਖ਼ੁਸ਼ ਹਨ : ਜਾਵੜੇਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਘਾਟੀ ਦੇ ਲੋਕ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ ਕਿਉਂਕਿ ਇਸ ਫ਼ੈਸਲੇ ਦਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।

Kashmir situation normal, people are happy : Prakash Javadekar

ਨਵੀਂ ਦਿੱਲੀ : ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਾਲਾਤ ਆਮ ਹਨ ਅਤੇ ਧਾਰਾ 370 ਦੇ ਪ੍ਰਾਵਧਾਨਾਂ ਨੂੰ ਖ਼ਤਮ ਕੀਤੇ ਜਾਣ ਨਾਲ ਉਥੋਂ ਦੇ ਲੋਕ ਖ਼ੁਸ਼ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਬਾਕੀ ਦੇਸ਼ ਦੇ ਨਾਗਰਿਕਾਂ ਵਾਂਗ ਹੀ ਫ਼ਾਇਦੇ ਅਤੇ ਅਧਿਕਾਰ ਮਿਲਣਗੇ। ਜਾਵੜੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਾਟੀ ਵਿਚ ਮੀਡੀਆ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਅਤੇ ਬਿਨਾਂ ਕਿਸੇ ਮੁਸ਼ਕਲ ਅਖ਼ਬਾਰਾਂ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਰੱਦ ਕਰ ਦਿਤਾ ਕਿ ਭਾਜਪਾ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈਣ ਦੇ ਫ਼ੈਸਲੇ ਨੂੰ ਚੋਣ ਮੁੱਦੇ ਵਾਂਗ ਵਰਤ ਰਹੀ ਹੈ।

ਜਾਵੜੇਕਰ ਨੇ ਕਿਹਾ ਕਿ ਧਾਰਾ 370  ਦਾ ਖ਼ਾਤਮਾ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਹੈ। ਪੂਰੇ ਦੇਸ਼ ਦੇ ਲੋਕ ਇਸ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ, 'ਘਾਟੀ ਦੇ ਲੋਕ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ ਕਿਉਂਕਿ ਇਸ ਫ਼ੈਸਲੇ ਦਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।' ਜਾਵੜੇਕਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੁਣ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇਗਾ ਜਿਹੜੀਆਂ ਉਨ੍ਹਾਂ ਨੂੰ ਧਾਰਾ 370 ਦੇ ਪ੍ਰਾਵਧਾਨਾਂ ਨੂੰ ਖ਼ਤਮ ਕੀਤੇ ਜਾਣ ਤੋਂ ਪਹਿਲਾਂ ਨਹੀਂ ਮਿਲ ਰਹੇ ਸਨ।

ਉਨ੍ਹਾਂ ਕਿਹਾ, 'ਸਿਖਿਆ ਦੇ ਅਧਿਕਾਰ ਤਹਿਤ ਆਰਥਕ ਰੂਪ ਤੋਂ ਕਮਜ਼ੋਰ ਵਰਗਾਂ ਦੇ 25 ਫ਼ੀ ਸਦੀ ਵਿਦਿਆਰਥੀਆਂ ਨੂੰ ਦਾਖ਼ਲਾ ਮਿਲੇਗਾ। ਇਹ ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਸੀ ਪਰ ਹੁਣ ਲਾਗੂ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਜਨਤਾ ਨੂੰ ਹੋਰ ਪਿਛਲੇ ਵਰਗਾਂ ਲਈ ਅਨੇਕ ਯੋਜਨਾਵਾਂ ਦੇ ਲਾਭ ਨਹੀਂ ਮਿਲਦੇ ਸਨ ਪਰ ਹੁਣ ਉਨ੍ਹਾਂ ਨੂੰ ਇਹ ਫ਼ਾਇਦੇ ਮਿਲਣਗੇ। ਇਸ ਤਰ੍ਹਾਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨੂੰ ਰਾਜ ਵਿਚ ਕੋਈ ਰਾਜਨੀਤਕ ਰਾਖਵਾਂਕਰਨ ਨਹੀਂ ਮਿਲਦਾ ਸੀ ਪਰ ਹੁਣ ਉਹ ਵੀ ਮਿਲੇਗਾ।