ਮੋਦੀ ਨੇ ਧਾਰਾ 370 ਹਟਾ ਕੇ ਪਾਕਿਸਤਾਨ ਨੂੰ ਉਸ ਦੀ ਥਾਂ ਵਿਖਾਈ : ਸ਼ਾਹ
ਕਿਹਾ - ਧਾਰਾ 370 ਨੂੰ ਰੱਦ ਕਰਨ 'ਤੇ ਕਾਂਗਰਸ ਦੇ ਢਿੱਡ ਵਿਚ ਦਰਦ ਕਿਉਂ ਹੋ ਰਿਹਾ ਹੈ?
ਜਾਮਤਾੜਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਅਤੇ 35 ਏ ਹਟਾ ਕੇ ਪਾਕਿਸਤਾਨ ਨੂੰ ਉਸ ਦੀ ਥਾਂ ਵਿਖਾ ਦਿਤੀ ਹੈ ਅਤੇ ਇਹ ਦੱਸ ਦਿਤਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ।
ਸ਼ਾਹ ਨੇ ਇਹ ਵੀ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਜਦ ਕਦੇ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਜਾਣ ਤਾਂ ਉਨ੍ਹਾਂ ਨੂੰ ਲੋਕਾਂ ਨੂੰ ਦਸਣਾ ਚਾਹੀਦਾ ਹੈ ਕਿ ਧਾਰਾ 370 ਬਾਰੇ ਰਾਹੁਲ ਕੇਂਦਰ ਦੇ ਫ਼ੈਸਲੇ ਦੇ ਹੱਕ ਵਿਚ ਹਨ ਜਾਂ ਨਹੀਂ। ਉਨ੍ਹਾਂ ਕਾਂਗਰਸ ਆਗੂ ਨੂੰ ਚੁਨੌਤੀ ਦਿੰਦਿਆਂ ਕਿਹਾ, 'ਤੁਸੀਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਨੂੰ ਦੱਸੋ ਕਿ ਤੁਸੀਂ ਦੇਸ਼ ਨੂੰ ਕਿਹੜੀ ਦਿਸ਼ਾ ਵਿਚ ਲਿਜਾਣਾ ਚਾਹੁੰਦੇ ਹੋ।'
ਝਾਰਖੰਡ, ਮਹਾਰਾਸ਼ਟਰ ਅਤੇ ਹਰਿਆਣਾ ਵਿਚ ਇਸੇ ਸਾਲ ਦੇ ਅਖ਼ੀਰ ਵਿਚ ਚੋਣਾਂ ਹੋਣੀਆਂ ਹਨ। ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਗ੍ਰਹਿ ਮੰਤਰੀ ਨੇ ਪਾਰਟੀ ਦੀ 'ਜੋਹਾਰ ਜਨ ਆਸ਼ੀਰਵਾਦ' ਯਾਤਰਾ ਦੀ ਸ਼ੁਰੂਆਤ ਕਰਨ ਮਗਰੋਂ ਰੈਲੀ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਾਰਾ 370 ਹਟਾਉਣ ਦੇ ਹੱਕ ਵਿਚ ਤਦ ਤੋਂ ਰਹੀ ਹੈ ਜਦ ਇਸ ਨੂੰ ਲਾਇਆ ਗਿਆ ਸੀ। ਉਨ੍ਹਾਂ ਇਹ ਵੀ ਪੁਛਿਆ ਕਿ ਇਸ ਨੂੰ ਰੱਦ ਕਰਨ 'ਤੇ ਕਾਂਗਰਸ ਦੇ ਢਿੱਡ ਵਿਚ ਦਰਦ ਕਿਉਂ ਹੋ ਰਿਹਾ ਹੈ?
ਮੁੱਖ ਮੰਤਰੀ ਰਘੂਬਰ ਦਾਸ, ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ। ਸ਼ਾਹ ਨੇ ਕਿਹਾ, 'ਕਾਂਗਰਸ ਹਮੇਸ਼ਾ ਹੀ ਇਸ ਧਾਰਾ ਨੂੰ ਹਟਾਉਣ ਦਾ ਵਿਰੋਧ ਕਰਦੀ ਰਹੀ ਹੈ। ਜਦ ਦੇਸ਼ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਦੇਸ਼ ਦੇ ਵਿਰੋਧ ਵਿਚ ਭੁਗਤਦੀ ਹੈ।'