ਦ੍ਰੌਪਦੀ ਮੁਰਮੂ ਖ਼ਿਲਾਫ਼ ਉਦਿਤ ਰਾਜ ਦੇ 'ਚਮਚਾਗਿਰੀ' ਵਾਲੇ ਬਿਆਨ 'ਤੇ ਵਿਵਾਦ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਭਾਜਪਾ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਕਿਸ ਤਰ੍ਹਾਂ ਆਦੀਵਾਸੀਆਂ ਦੇ ਵਿਰੋਧ ਵਿਚ ਖੜ੍ਹੀ ਹੈ।
ਨਵੀਂ ਦਿੱਲੀ: ਕਾਂਗਰਸ ਆਗੂ ਉਦਿਤ ਰਾਜ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਨੇ ਇਕ ਟਵੀਟ ਕਰਕੇ ਰਾਸ਼ਟਰਪਤੀ ਲਈ ‘ਚਮਚਾਗਿਰੀ’ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਲਗਾਤਾਰ ਉਹਨਾਂ ’ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਭਾਜਪਾ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਕਿਸ ਤਰ੍ਹਾਂ ਆਦੀਵਾਸੀਆਂ ਦੇ ਵਿਰੋਧ ਵਿਚ ਖੜ੍ਹੀ ਹੈ।
ਉਦਿਤ ਰਾਜ ਦੇ ਟਵੀਟ ’ਤੇ ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਵੀ ਜਾਰੀ ਕੀਤਾ ਹੈ। ਉਦਿਤ ਰਾਜ ਨੇ ਟਵੀਟ ਕੀਤਾ, “ ਦ੍ਰੌਪਦੀ ਮੁਰਮੂ ਵਰਗੀ ਰਾਸ਼ਟਰਪਤੀ ਕਿਸੇ ਦੇਸ਼ ਨੂੰ ਨਾ ਮਿਲੇ। ਚਮਚਾਗਿਰੀ ਦੀ ਵੀ ਹੱਦ ਹੁੰਦੀ ਹੈ। ਕਹਿੰਦੇ ਹਨ ਕਿ 70 ਫੀਸਦੀ ਲੋਕ ਗੁਜਰਾਤ ਦਾ ਨਮਕ ਖਾਂਦੇ ਹਨ। ਖੁਦ ਨਮਕ ਖਾ ਕੇ ਜ਼ਿੰਦਗੀ ਜੀਓ ਤਾਂ ਪਤਾ ਲੱਗੇਗਾ”।
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਉਦਿਤ ਰਾਜ ਦੇ ਟਵੀਟ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਉਸ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵੀਟ ਕੀਤਾ, 'ਦੇਸ਼ ਦੀ ਸਰਵਉੱਚ ਸ਼ਕਤੀ ਅਤੇ ਆਪਣੀ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚੀ ਔਰਤ ਖਿਲਾਫ਼ ਬਹੁਤ ਹੀ ਇਤਰਾਜ਼ਯੋਗ ਬਿਆਨ। ਉਦਿਤ ਰਾਜ ਨੂੰ ਆਪਣੇ ਅਪਮਾਨਜਨਕ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਕਮਿਸ਼ਨ ਉਹਨਾਂ ਨੂੰ ਨੋਟਿਸ ਭੇਜ ਰਿਹਾ ਹੈ”।
ਉਦਿਤ ਰਾਜ ਦਾ ਸਪੱਸ਼ਟੀਕਰਨ
ਵਿਵਾਦ ਵਧਣ ਮਗਰੋਂ ਉਦਿਤ ਰਾਜ ਨੇ ਇਕ ਹੋਰ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ। ਉਦਿਤ ਰਾਜ ਨੇ ਲਿਖਿਆ- 'ਜੇਕਰ ਕਿਸੇ ਦੁਬੇ, ਤਿਵਾਰੀ, ਅਗਰਵਾਲ, ਗੋਇਲ, ਰਾਜਪੂਤ ਨੇ ਦ੍ਰੌਪਦੀ ਮੁਰਮੂ ਜੀ ਨੂੰ ਮੇਰੇ ਵਰਗੇ ਸਵਾਲ ਪੁੱਛੇ ਹੁੰਦੇ ਤਾਂ ਅਹੁਦੇ ਦੀ ਇੱਜ਼ਤ ਘਟਦੀ। ਅਸੀਂ ਦਲਿਤ-ਆਦੀਵਾਸੀ ਆਲੋਚਨਾ ਕਰਾਂਗੇ ਅਤੇ ਇਹਨਾਂ ਲਈ ਲੜਾਂਗੇ ਵੀ । ਉਹ ਸਾਡੇ ਨੁਮਾਇੰਦੇ ਬਣ ਕੇ ਜਾਂਦੇ ਹਨ ਅਤੇ ਫਿਰ ਗੂੰਗੇ-ਬੋਲੇ ਹੋ ਜਾਂਦੇ ਹਨ’। ਇਕ ਹੋਰ ਟਵੀਟ 'ਚ ਕਾਂਗਰਸ ਨੇਤਾ ਨੇ ਲਿਖਿਆ, 'ਰਾਸ਼ਟਰਪਤੀ ਦੇ ਰੂਪ 'ਚ ਦ੍ਰੌਪਦੀ ਮੁਰਮੂ ਜੀ ਦਾ ਪੂਰਾ ਸਨਮਾਨ ਹੈ। ਉਹ ਦਲਿਤ-ਆਦੀਵਾਸੀਆਂ ਦੀ ਨੁਮਾਇੰਦਾ ਵੀ ਹੈ ਅਤੇ ਉਹਨਾਂ ਨੂੰ ਆਪਣੇ ਹਿੱਸੇ ਬਾਰੇ ਸਵਾਲ ਕਰਨ ਦਾ ਹੱਕ ਹੈ। ਇਸ ਨੂੰ ਰਾਸ਼ਟਰਪਤੀ ਅਹੁਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ’।