ਸੁਰਜੀਤ ਜਿਆਣੀ ਨੂੰ ਕਿਸਾਨਾਂ ਦਾ ਮਸਲਾ ਛੇਤੀ ਹੱਲ ਹੋਣ ਦੀ ਆਸ, ਸਰਕਾਰ ਦੇ ਕਦਮਾਂ ਦੀ ਕੀਤੀ ਸਰਾਹਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਸਰਕਾਰ ਦੇ ਚੰਗੇ ਕੰਮਾਂ ਦੇ ਮੱਦੇਨਜ਼ਰ ਆਸ਼ਵੰਦ ਰਹਿਣ ਦੀ ਅਪੀਲ

Surjit Kumar Jyani

ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖਾਬ : ਕਿਸਾਨੀ ਸੰਘਰਸ਼ ਜਿਉਂ-ਜਿਉਂ ਲੰਮਾ ਖਿਚਦਾ ਜਾ ਰਿਹਾ ਹੈ, ਸਰਕਾਰ ’ਤੇ ਮਸਲਾ ਛੇਤੀ ਹੱਲ ਕਰਨ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਗੱਲਬਾਤ ਦੇ ਦੌਰ ਨੂੰ ਲੰਮਾ ਖਿੱਚ ਸਮਾਂ ਲੰਘਾਉਣ ਦੇ ਰੌਅ ’ਚ ਜਾਪਦੀ ਹੈ ਅਤੇ ਉਸ ਨੇ ਅਗਲੀ ਮੀਟਿੰਗ 9 ਦਸੰਬਰ ਦੀ ਤੈਅ ਕਰ ਦਿਤੀ ਹੈ। ਦੂਜੇ ਪਾਸੇ ਸੱਤਾਧਾਰੀ ਧਿਰ ਗੱਲਬਾਤ ਜ਼ਰੀਏ ਮਸਲੇ ਦਾ ਛੇਤੀ ਹੱਲ ਨਿਕਲ ਜਾਣ ਦੇ ਦਾਅਵੇ ਕਰ ਰਹੀ ਹੈ। 

ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦਾ ਮਾਹੌਲ ਬਣਾਉਣ ਲਈ ਯਤਨਸ਼ੀਲ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਮਸਲੇ ਦੇ ਛੇਤੀ ਹੱਲ ਲਈ ਪੂਰਨ ਆਸਵੰਦ ਹਨ। ਕਾਨੂੰਨ ਬਣਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ ਨਾ ਲੈਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਰਾਜ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੋ ਅਪਣੇ ਸੂਬੇ ਦੀ ਜਨਤਾ ਦੀਆਂ ਮਾਨਸ਼ਾਵਾਂ ਮੁਤਾਬਕ ਸਲਾਹ ਦਿੰਦੇ ਹਨ। 

ਖੇਤੀ ਕਾਨੂੰਨਾਂ ਨੂੰ ਤਰੱਕੀ ਲਈ ਅੱਗੇ ਵਧਣ ਲਈ ਜ਼ਰੂਰੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਤਰੱਕੀ ਲਈ ਅੱਗੇ ਵਧਣਾ ਪੈਂਦਾ ਹੈ, ਇਸ ਲਈ ਪੁਰਾਣੀਆਂ ਚੀਜ਼ਾਂ ’ਚ ਬਦਲਾਅ ਕਰਨਾ ਪੈਂਦਾ ਹੈ। ਬਿਹਾਰ ’ਚ ਮੰਡੀ ਸਿਸਟਮ ਤੋੜਣ ਕਾਰਨ ਹੋਏ ਨੁਕਸਾਨ ਦੇ ਲੋਕਾਂ ’ਤੇ ਪਏ ਮਾੜੇ ਪ੍ਰਭਾਵਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਇਸ ਫ਼ੈਸਲੇ ਤੋਂ ਖੁਸ਼ ਹਨ ਤਾਂ ਹੀ ਬਿਹਾਰ ਵਿਚ ਦੁਬਾਰਾ ਸਰਕਾਰ ਬਣੀ ਹੈ। ਪੰਜਾਬ ਵਿਚ ਪਾਰਟੀ ਲਈ ਮਾੜੇ ਹਾਲਾਤਾਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਉਨ੍ਹਾਂ ਨੂੰ ਕਾਫ਼ੀ ਆਸਾਂ ਹਨ। 

ਗੁਆਂਢੀ ਸੂਬੇ ਹਰਿਆਣਾ ਵਿਚ ਵੀ ਭਾਜਪਾ ਦੀ ਮਾੜੀ ਸਥਿਤੀ ਸਬੰਧੀ ਕਿਆਸ ਲਾਏ ਜਾਂਦੇ ਸਨ, ਜੋ ਵੋਟਾਂ ਵੇਲੇ ਗ਼ਲਤ ਸਾਬਤ ਹੋਏ ਸਨ। ਇਸੇ ਤਰ੍ਹਾਂ ਉਨ੍ਹਾਂ ਨੂੰ ਪੰਜਾਬ ਵਿਚ ਵੀ ਕੁੱਝ ਚੰਗਾ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਦਿਲ ਜਿੱਤਣ ਤੋਂ ਬਾਅਦ ਇਹ ਚੋਣਾਂ ਜ਼ਰੂਰ ਜਿੱਤਾਂਗੇ। ਉਨ੍ਹਾਂ ਕਿਹਾ ਕਿ 9 ਤਰੀਕ ਦੀ ਮੀਟਿੰਗ ’ਚ ਕਿਸਾਨਾਂ ਨੂੰ ਚੰਗੀ ਖੁਸ਼ਖਬਰੀ ਮਿਲੇਗੀ ਜਿਸ ਤੋਂ ਬਾਅਦ ਉਹ ਖ਼ੁਸ਼ੀ ਖੁਸ਼ੀ ਘਰਾਂ ਨੂੰ ਪਰਤਣਗੇ। 

ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿਚ ਬਹੁਤ ਸਾਰੇ ਹੋਰ ਕੰਮ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਹੀ ਲੋਕਾਂ ਨੂੰ ਮੁਫ਼ਤ ਇਲਾਜ਼ ਮਿਲ ਰਿਹਾ ਹੈ। ਵੱਡੀ ਗਿਣਤੀ ਲੋਕਾਂ ਨੂੰ ਮਕਾਨ ਬਣਾ ਕੇ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਖੇਤੀ ਕਾਨੂੰਨ ਬਣਾਉਣ ਖਾਤਰ ਲੋਕ ਕੇਂਦਰ ਨਾਲ ਨਾਰਾਜ਼ ਚੱਲ ਰਹੇ ਹਨ ਪਰ ਲੋਕਾਂ ਨੂੰ ਵੀ ਸਰਕਾਰ ਦੀਆਂ ਚੰਗਿਆਈਆਂ ਨੂੰ ਵੇਖਦਿਆਂ ਸਰਕਾਰ ਲਈ ਨਰਮ ਰੁਖ ਅਪਨਾਉਣਾ ਚਾਹੀਦਾ ਹੈ। 

ਕਿਸਾਨੀ ਸੰਘਰਸ਼ ਬਾਰੇ ਹੁਣ ਤਕ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਕੀਤੀਆਂ ਗਈਆਂ ਭੜਕਾਊ ਟਿੱਪਣੀਆਂ ਤੋਂ ਮੁਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਕਦੇ ਵੀ ਕੁੱਝ ਗ਼ਲਤ ਨਹੀਂ ਕਿਹਾ, ਬਲਕਿ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ’ਚ ਕੁੱਝ ਗ਼ਲਤ ਅਨਸਰ ਸ਼ਾਮਲ ਹੋ ਸਕਦੇ ਹਨ, ਉਨ੍ਹਾਂ ਬਾਰੇ ਕਿਹਾ ਸੀ ਨਾ ਕਿ ਕਿਸਾਨਾਂ ਬਾਰੇ।

ਕਿਸਾਨਾਂ ਦੀ ਸ਼ਰਾਰਤੀ ਅਨਸਰਾਂ ਨੂੰ ਹੁਣ ਤਕ ਸੰਘਰਸ਼ ਤੋਂ ਅਲਹਿਦਾ ਰੱਖਣ ਦੀ ਸਲਾਹਣਾ ਕਰਦਿਆਂ ਉਨ੍ਹਾਂ ਕਿਹਾ ਕਿ 9 ਤਰੀਕ ਨੂੰ ਕਿਸਾਨਾਂ ਦੇ ਹੱਕ ’ਚ ਫ਼ੈਸਲਾ ਹੋਣ ਵਾਲਾ ਹੈ, ਜਿਸ ਤੋਂ ਬਾਅਦ ਕਿਸਾਨਾਂ ਦੇ ਸਾਰੇ ਗਿਲੇ-ਸ਼ਿਕਵੇ ਦੂਰ ਹੋ ਜਾਣਗੇ। ਖੇਤੀ ਕਾਨੂੰਨਾਂ ’ਤੇ ਦੋਵਾਂ ਧਿਰਾਂ ਵਿਚਾਲੇ ਬਹਿਸ਼ ਪੂਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਹਾਂ ਜਾਂ ਨਾਂਹ ਹੋਣ ਵਾਲੀ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਫ਼ੈਸਲਾ ਕਿਸਾਨਾਂ ਦੇ ਹੱਕ ਵਿਚ ਹੀ ਹੋਵੇਗਾ।