ਭਰਾ ਦੇ ਵਿਆਹ ਵਿਚ ਬਚਿਆ ਖਾਣਾ ਲੋੜਵੰਦਾਂ ਨੂੰ ਦੇਣ ਪਹੁੰਚੀ ਮਹਿਲਾ, ਲੋਕਾਂ ਨੇ ਕੀਤੀ ਤਾਰੀਫ
ਕਿਸੇ ਵੀ ਵਿਆਹ ਵਿਚ ਖਾਣੇ ਦੀ ਬਰਬਾਦੀ ਆਮ ਗੱਲ ਹੈ ਪਰ ਭੋਜਨ ਦੀ ਮਹੱਤਤਾ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਸਮੇਂ ਸਿਰ ਨਹੀਂ ਮਿਲਦੀ।
ਨਵੀਂ ਦਿੱਲੀ: ਇਸ ਸਮੇਂ ਭਾਰਤ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਜ਼ਾਹਰ ਹੈ ਕਿ ਤੁਸੀਂ ਵੀ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ ਹੋਵੋਗੇ। ਕਿਸੇ ਵੀ ਵਿਆਹ ਵਿਚ ਖਾਣੇ ਦੀ ਬਰਬਾਦੀ ਆਮ ਗੱਲ ਹੈ ਪਰ ਭੋਜਨ ਦੀ ਮਹੱਤਤਾ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਸਮੇਂ ਸਿਰ ਨਹੀਂ ਮਿਲਦੀ। ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ। ਇਹ ਤਸਵੀਰਾਂ ਦੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਆ ਜਾਵੇਗੀ।
ਦਰਅਸਲ ਪੱਛਮੀ ਬੰਗਾਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ 'ਚ ਇਕ ਔਰਤ ਆਪਣੇ ਭਰਾ ਦੇ ਵਿਆਹ ਦਾ ਬਚਿਆ ਹੋਇਆ ਭੋਜਨ ਲੋੜਵੰਦਾਂ ਨੂੰ ਵੰਡਦੀ ਨਜ਼ਰ ਆ ਰਹੀ ਹੈ। ਔਰਤ ਨੂੰ ਰਾਨਾਘਾਟ ਰੇਲਵੇ ਸਟੇਸ਼ਨ 'ਤੇ ਭੋਜਨ ਨਾਲ ਭਰੇ ਵੱਡੇ ਭਾਂਡਿਆਂ ਨਾਲ ਦੇਖਿਆ ਜਾ ਸਕਦਾ ਹੈ। ਲੋਕਾਂ ਨੂੰ ਕਾਗਜ਼ ਦੀਆਂ ਪਲੇਟਾਂ 'ਤੇ ਖਾਣਾ ਪਰੋਸ ਰਹੀ ਔਰਤ ਦੀ ਪਛਾਣ ਪਾਪੀਆ ਕਰ ਵਜੋਂ ਹੋਈ ਹੈ। ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਨੂੰ ਪੱਛਮੀ ਬੰਗਾਲ ਦੇ ਰਾਣਾਘਾਟ ਸਟੇਸ਼ਨ 'ਤੇ ਫੋਟੋਗ੍ਰਾਫਰ ਨੀਲੰਜਨ ਮੰਡਲ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਨੇ ਦੱਸਿਆ ਕਿ ਉਸ ਦਿਨ ਫੋਟੋ 'ਚ ਨਜ਼ਰ ਆਈ ਔਰਤ ਦੇ ਭਰਾ ਦੀ ਵਿਆਹ ਦੀ ਰਿਸੈਪਸ਼ਨ ਰੱਖੀ ਗਈ ਸੀ, ਜਿਸ ਦੌਰਾਨ ਬਹੁਤ ਸਾਰਾ ਖਾਣਾ ਬਚ ਗਿਆ। ਇਸ ਲਈ ਉਸ ਨੇ ਇਸ ਖਾਣੇ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ।
ਜਿਵੇਂ ਹੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਪਹੁੰਚੀ ਤਾਂ ਲੋਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਅਜਿਹੀ ਪਹਿਲ ਹਰੇਕ ਨੂੰ ਕਰਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਆਹਾਂ ਜਾਂ ਹੋਰ ਪ੍ਰੋਗਰਾਮਾਂ ਦੌਰਾਨ ਬਚੇ ਹੋਏ ਭੋਜਨ ਨੂੰ ਬਰਬਾਦ ਕਰਨ ਦੀ ਬਜਾਏ ਲੋੜਵੰਦਾਂ ਵਿਚ ਵੰਡਣਾ ਚਾਹੀਦਾ ਹੈ।