ਜੰਮੂ ਕਸ਼ਮੀਰ 'ਚ ਪੁਲਿਸ ਪਰਵਾਰਾਂ ਲਈ 20 ਹਜ਼ਾਰ ਘਰ ਬਣਨਗੇ : ਮੁੱਖ ਸਕੱਤਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਪਰਵਾਰਾਂ ਦੇ ਘਰਾਂ ਦੀ ਉਸਾਰੀ ਲਈ ਮੁਫ਼ਤ ਜ਼ਮੀਨ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਇਸ 'ਤੇ ਪੁਲਿਸ ਦੀ ਸਵੈ ਵਿੱਤੀ ਯੋਜਨਾ ਅਧੀਨ ਘਰਾਂ ਦੀ ਉਸਾਰੀ ਕੀਤੀ ਜਾ ਸਕੇ।

Jammu and Kashmir Chief Secretary BVR Subrahmanyam

ਜੰਮੂ : ਅਤਿਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਵਿਚ ਪੁਲਿਸ ਦੇ ਪਰਵਾਰ ਵਾਲਿਆਂ ਦੀ ਸੁਰੱਖਿਆ ਲਈ 20 ਹਜ਼ਾਰ ਘਰ ਬਣਾਏ ਜਾਣਗੇ। ਇਸ ਦੇ ਲਈ ਯੋਜਨਾ ਬਣ ਗਈ ਹੈ। ਇਸੇ ਮਹੀਨੇ ਦੇ ਆਖਰ ਵਿਚ ਇਸ ਦਾ ਨੀਂਹ ਪੱਥਰ ਰੱਖ ਦਿਤਾ ਜਾਵੇਗਾ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਇਸ ਦਾ ਐਲਾਨ ਪੁਲਿਸ ਇੰਟਰ ਜ਼ੋਨਲ ਸਪੋਰਟਸ ਮੀਟ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। 

ਉਹਨਾਂ ਨੇ ਪੁਲਿਸ ਦੇ ਅਧਿਕਾਰੀਆ, ਜਵਾਨਾਂ ਅਤੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਰਾਜ ਦੀ ਜਨਤਾ ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਲਈ ਦਿਨ ਰਾਤ ਤੈਨਾਤ ਰਹਿੰਦੇ ਹਨ। ਅਤਿਵਾਦੀਆਂ ਵੱਲੋਂ ਪੁਲਿਸ ਦੇ ਪਰਵਾਰ ਵਾਲਿਆਂ 'ਤੇ ਕੁਝ ਖੇਤਰਾਂ ਵਿਚ ਪਿਛੇ ਜਿਹੇ ਵਾਪਰੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਹਾਉਸਿੰਗ ਯੋਜਨਾ ਬਣਾਈ ਗਈ ਹੈ।

ਪ੍ਰਸ਼ਾਸਨ ਵੱਲੋਂ ਪੁਲਿਸ ਪਰਵਾਰਾਂ ਦੇ ਘਰਾਂ ਦੀ ਉਸਾਰੀ ਲਈ ਮੁਫ਼ਤ ਜ਼ਮੀਨ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਇਸ 'ਤੇ ਪੁਲਿਸ ਦੀ ਸਵੈ ਵਿੱਤੀ ਯੋਜਨਾ ਅਧੀਨ ਘਰਾਂ ਦੀ ਉਸਾਰੀ ਕੀਤੀ ਜਾ ਸਕੇ। ਪੁਲਿਸ ਦੇ ਪਰਵਾਰਾਂ ਦੇ ਲਈ ਜੰਮੂ ਅਤੇ ਕਸ਼ਮੀਰ ਡਿਵੀਜ਼ਨ ਵਿਚ 10-10 ਹਜ਼ਾਰ ਘਰਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਪੁਲਿਸ ਕਲੋਨੀ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣਗੇ।

ਇਸ ਵਿਚ ਸਮੁਦਾਇਕ ਭਵਨ, ਖੇਡ ਦੇ ਮੈਦਾਨ, ਸ਼ਾਪਿੰਗ ਮਾਲ ਅਤੇ ਹੋਰ ਸੁਵਿਧਾਵਾਂ ਵੀ ਹੋਣਗੀਆਂ, ਤਾਂ ਕਿ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਬਿਨਾਂ ਕਿਸੇ ਪਰੇਸ਼ਾਨੀ ਤੋਂ ਅਪਣੀ ਡਿਊਟੀ ਨਿਭਾ ਸਕਣ। ਮੁੱਖ ਸਕੱਤਰ ਨੇ ਅਤਿਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਦੇਸ਼ ਲਈ ਸ਼ਹੀਦ ਹੋ ਜਾਣ ਵਾਲੇ ਅਧਿਕਾਰੀਆਂ, ਜਵਾਨਾਂ ਅਤੇ ਐਸਪੀਓ ਦੇ ਪਰਵਾਰਾਂ ਲਈ ਮਦਦ ਰਾਸ਼ੀ ਵਧਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਏਐਸਆਈ, ਐਸਆਈ ਅਤੇ ਇੰਸਪੈਕਟਰ ਦੇ ਅਹੁਦਿਆਂ 'ਤੇ

ਤੈਨਾਤ ਬਹੁਤ ਸਾਰੇ ਅਧਿਕਾਰੀਆਂ ਦੀ ਦੋ ਦਹਾਕਿਆਂ ਤੋਂ ਤਰੱਕੀ ਨਹੀਂ ਹੋਈ ਹੈ। ਡੀਜੀਪੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਨਵੇਂ 62 ਹਜ਼ਾਰ ਅਹੁਦੇ ਬਣਾਏ ਗਏ ਹਨ, ਤਾਂ ਕਿ ਤਰੱਕੀਆਂ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਮੁਸ਼ਕਲ ਹਾਲਾਤਾਂ ਵਿਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਦੇ ਪੁਲਿਸ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਅਤੇ ਹੋਰ ਭੱਤੇ ਛੇਤੀ ਹੀ ਜਾਰੀ ਕੀਤੇ ਜਾਣਗੇ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ।