ਮੇਰੇ ਸਮੇਂ ਜੈਸ਼-ਏ-ਮੁਹੰਮਦ ਨੇ ਭਾਰਤ ‘ਚ ਕਈਂ ਅਤਿਵਾਦੀ ਹਮਲੇ ਕਰਵਾਏ : ਪਾਕਿ ਸਾਬਕਾ ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਵਿਚ ਜਿੱਥੇ ਸੀਆਰਪੀਐਫ਼ ਦੇ 45 ਜਵਾਨ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸਨ ਉੱਥੇ ਹੀ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਨੂੰ...

Former President of Pakistan

ਨਵੀਂ ਦਿੱਲੀ : ਪੁਲਵਾਮਾ ਹਮਲੇ ਵਿਚ ਜਿੱਥੇ ਸੀਆਰਪੀਐਫ਼ ਦੇ 45 ਜਵਾਨ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸਨ ਉੱਥੇ ਹੀ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਨੂੰ ਪਾਕਿ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਅਤਿਵਾਦੀ ਦੇ ਵਿਰੁੱਧ ਸਹੀ ਕੰਮ ਕੀਤੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਆਖ ਦਿੱਤਾ ਹੈ ਕਿ ਜਦੋਂ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਸਨ, ਤਦ ਮਸੂਦ ਅਜ਼ਹਰ ਦੀ ਅਗਵਾਈ ਹੇਠਲੀ ਅਤਿਵਾਦੀ ਜੱਥੇਬੰਦੀ ‘ਜੈਸ਼–ਏ–ਮੁਹੰਮਦ’ ਨੇ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ ਭਾਰਤ ’ਚ ਜਾ ਕੇ ਹਿੰਸਕ ਦਹਿਸ਼ਤਗਰਦ ਹਮਲੇ ਕਰਵਾਏ ਸਨ।

ਇਸ ਤੋਂ ਬਾਅਦ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਾਂ ਹੋਰ ਕੋਈ ਆਗੂ ਜੋ ਮਰਜ਼ੀ ਆਖੀ ਜਾਣ, ਉਹ ਭਾਰਤ ’ਚ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਸ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਪਰੋਕਤ ਇੰਕਸ਼ਾਫ਼ ਪਾਕਿਸਤਾਨ ਦੇ ਹੀ ਇੱਕ ਪੱਤਰਕਾਰ ਨਦੀਮ ਮਲਿਕ ਨਾਲ ਫ਼ੋਨ ਉੱਤੇ ਕੀਤੀ ਗੱਲਬਾਤ ਦੌਰਾਨ ਕੀਤਾ ਹੈ। ਹੋਰ ਤਾਂ ਹੋਰ ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਜੈਸ਼–ਏ–ਮੁਹੰਮਦ ਖਿ਼ਲਾਫ਼ ਕੀਤੀ ਗਈ ਕਾਰਵਾਈ ਦਾ ਸੁਆਗਤ ਵੀ ਕੀਤਾ ਹੈ।

ਸ੍ਰੀ ਮੁਸ਼ੱਰਫ਼ ਦੇ ਸਟੈਂਡ ਵਿਚ ਅਚਾਨਕ ਇਹ ਵੀ ਬਹੁਤ ਵੱਡੀ ਤਬਦੀਲੀ ਮੰਨੀ ਜਾ ਸਕਦੀ ਹੈ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਉਹ ਇਕ ਭਾਰਤੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੁਲਵਾਮਾ ਹਮਲੇ ਦੇ ਮਾਮਲੇ ‘ਤੇ ਪਾਕਿਸਤਾਨ ਦਾ ਬਚਾਅ ਕਰਦੇ ਵਿਖਾਈ ਦੇ ਰਹੇ ਸਨ। ਨਦੀਮ ਮਲਿਕ ਨੇ ਦੋ ਮਿੰਟ ਦੀ ਇੱਕ ਕਲਿੱਪ ਟਵਿਟਰ ਉੱਤੇ ਸਾਂਝੀ ਕੀਤੀ ਹੈ। ਉਸ ਵਿੱਚ ਜਨਰਲ ਪਰਵੇਜ਼ ਮੁਸ਼ੱਰਫ਼ ਇਹ ਆਖਦੇ ਸੁਣਦੇ ਹਨ ਕਿ ਉਹ ਤਾਂ ਸਦਾ ਇਹੋ ਆਖਦੇ ਰਹੇ ਹਨ ਕਿ ਜੈਸ਼–ਏ–ਮੁਹੰਮਦ ਇੱਕ  ਅਤਿਵਾਦੀ ਜੱਥੇਬੰਦੀ ਹੈ ਤੇ ਉਸੇ ਨੇ ਮੇਰੇ ਉੱਤੇ ਵੀ ਕਾਤਲਾਨਾ ਹਮਲਾ ਕਰਵਾਇਆ ਸੀ।

ਉਸ ਵਿਰੁੱਧ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਮੈਨੂੰ ਖ਼ੁਸ਼ੀ ਹੈ ਕਿ ਸਰਕਾਰ ਉਸ ਵਿਰੁੱਧ ਕਾਰਵਾਈ ਕਰ ਰਹੀ ਹੈ। ਚੇਤੇ ਰਹੇ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਜਦੋਂ ਰਾਸ਼ਟਰਪਤੀ ਸਨ, ਤਦ ਉਨ੍ਹਾਂ ਉੱਤੇ ਦੋ ਵਾਰ ਕਾਤਲਾਨਾ ਹਮਲੇ ਹੋਏ ਸਨ। ਜਨਰਲ ਮੁਸ਼ੱਰਫ਼ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਤਦ ਭਾਰਤ ਤੋਂ ਬਦਲਾ ਲੈਣਾ ਚਾਹੁੰਦੀਆਂ ਸਨ ਤੇ ਉਹੀ ਭਾਰਤ ਵਿੱਚ ਬੰਬ ਧਮਾਕੇ ਕਰਵਾ ਰਹੀਆਂ ਸਨ ਕਿਉਂਕਿ ‘ਭਾਰਤ ਨੇ ਵੀ ਪਾਕਿਸਤਾਨ ਵਿੱਚ ਹਿੰਸਕ ਗੜਬੜੀਆਂ ਕਰਵਾਈਆਂ ਸਨ।

ਤਦ ਅਜਿਹਾ ਵੇਲਾ ਸੀ ਕਿ ਜੈਸ਼ ਵਿਰੁੱਧ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਮੈਂ ਵੀ ਕੋਈ ਬਹੁਤਾ ਜ਼ੋਰ ਨਹੀਂ ਪਾਇਆ ਸੀ।’ ਇੱਥੇ ਵਰਨਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਇਮਰਾਨ ਖ਼ਾਨ ਦੀ ਸਰਕਾਰ ਨੇ ਮਸੁਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਤੇ 43 ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਸੀ।