ਜੈਸ਼-ਏ-ਮੁਹੰਮਦ ਨੇ 20 ਸਾਲ 'ਚ ਦੋ ਵਾਰ ਭਾਰਤ ਅਤੇ ਪਾਕਿ ਨੂੰ ਜੰਗ ਦੀ ਕਗ਼ਾਰ 'ਤੇ ਲਿਆਂਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ :  ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵਲੋਂ ਕੀਤੇ ਹਮਲੇ ਉਸ ਦੇ 'ਗਜ਼ਵਾ-ਏ-ਹਿੰਦ' (ਭਾਰਤ ਵਿਰੁਧ ਜੰਗ) ਦਾ ਹਿੱਸਾ ਹੈ ਜਿਸ ਨੇ...

Jaish-e-Mohammed

ਨਵੀਂ ਦਿੱਲੀ :  ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵਲੋਂ ਕੀਤੇ ਹਮਲੇ ਉਸ ਦੇ 'ਗਜ਼ਵਾ-ਏ-ਹਿੰਦ' (ਭਾਰਤ ਵਿਰੁਧ ਜੰਗ) ਦਾ ਹਿੱਸਾ ਹੈ ਜਿਸ ਨੇ ਇਸ ਨੂੰ ਸਭ ਤੋਂ ਖ਼ਤਰਨਾਕ ਅਤਿਵਾਦੀ ਜਥੇਬੰਦੀ ਵਿਚ ਬਦਲ ਦਿਤਾ ਹੈ। ਇਸ ਜਥੇਬੰਦੀ ਨੇ ਦੋ ਦਹਾਕਿਆਂ ਵਿਚ ਦੋ ਵਾਰ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਦੀ ਕਗ਼ਾਰ 'ਤੇ ਲਿਆਂਦਾ ਹੈ। 
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਭਿਆਨਕ ਅਤਿਵਾਦੀ ਹਮਲਿਆਂ ਵਿਚੋਂ ਪਠਾਨਕੋਟ ਏਅਰਬੇਸ, ਉਰੀ ਵਿਚ ਸੈਨਿਕ ਬ੍ਰਿਗੇਡ ਦਫ਼ਤਰ 'ਤੇ ਹਮਲਾ, ਸ੍ਰੀਨਗਰ ਵਿਚ ਬਾਦਾਮੀਬਾਗ਼ ਕੈਂਟ 'ਤੇ ਹਮਲੇ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਨੇੜੇ ਬੰਬ ਧਮਾਕੇ ਸ਼ਾਮਲ ਹਨ।
ਇਕ ਸੁਰਖਿਆ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ 2001 ਵਿਚ ਉਸ ਸਮੇਂ ਜੰਗ ਦੀ ਕਗ਼ਾਰ 'ਤੇ ਆ ਖੜੇ ਹੋਏ ਸਨ ਜਦੋ ਜੈਸ਼ ਨੇ ਭਾਰਤੀ ਸੰਸਦ 'ਤੇ ਹਮਲਾ ਕੀਤਾ ਸੀ। ਬੀਤੀ 14 ਫ਼ਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ਼ ਦੀ ਬੱਸ 'ਤੇ ਕੀਤੇ ਭਿਆਨਕ ਹਮਲੇ ਵਿਚ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਇਕ ਵਾਰ ਫਿਰ ਇਹ ਸਥਿਤੀ ਬਣੀ। 
ਅਧਿਕਾਰੀ ਨੇ ਇਕ ਖ਼ੂਫ਼ੀਆ ਰਿਪੋਰਟ ਦੇ ਹਵਾਲੇ ਵਿਚ ਦਸਿਅ ਕਿ ਅਲ-ਕਾਇਦਾ ਨਾਲ ਜੁੜੀ ਅਤਿਵਾਦੀ ਜਥੇਬੰਦੀ ਨੇ  27 ਨਵੰਬਰ, 2017 ਨੂੰ ਪਾਕਿਸਤਾਨ ਦੇ ਉਕਾਰਾ ਜ਼ਿਲ੍ਹੇ ਵਿਚ ਇਕ ਕਾਨਫ਼ਰੰਸ ਕਰਵਾਈ ਸੀ ਜਿਸ ਵਿਚ ਭਾਰਤ - ਪਾਕਿ ਸਬੰਧਾਂ ਨੂੰ ਧਿਆਨ ਵਿਚ ਰੱਖੇ ਬਿਨਾਂ 'ਗਜ਼ਵਾ-ਏ-ਹਿੰਦ' ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ। 
1999 ਵਿਚ ਇੰਡੀਅਨ ਏਅਰਲਾਈਨਜ਼ ਦੀ ਉਡਾਨ ਆਈਸੀ 814 ਅਗ਼ਵਾ ਕੀਤੇ ਜਾਣ ਸਬੰਧੀ 31 ਦਸੰਬਰ, 1999 ਨੂੰ ਅਤਿਵਾਦੀ ਮਸੂਦ ਅਜ਼ਹਰ ਨੂੰ ਭਾਰਤੀ ਜੇਲ ਤੋਂ ਰਿਹਾ ਕਰਨ ਮਗਰੋਂ ਜੈਸ਼-ਏ-ਮੁਹੰਮਦ ਦਾ ਗਠਨ ਕੀਤਾ ਗਿਆ ਸੀ।  ਇਸ ਜਥੇਬੰਦੀ ਨੇ ਜੰਮੂ-ਕਸ਼ਮੀਰ ਵਿਚ ਕਈ ਹਮਲਿਆਂ ਨੂੰ ਅੰਜਾਮ ਦਿਤਾ। ਜੈਸ਼ ਦੇ ਇਕ ਸ਼ਸਤਰ ਸਮੂਹ ਨੇ 2016 ਵਿਚ ਪਠਾਨਕੋਟ ਏਅਰਬੇਸ  ਅਤੇ ਉਰੀ ਬ੍ਰਿਗੇਡ ਦਫ਼ਤਰ 'ਤੇ ਹਮਲਾ ਕੀਤਾ ਜਿਸ ਵਿਚ ਕਰਮਵਾਰ ਸੱਤ ਸੁਰਖਿਆ ਮੁਲਾਜ਼ਮ  ਅਤੇ 17 ਸੈਨਿਕ ਸ਼ਹੀਦ ਹੋ ਗਏ ਅਤੇ 30 ਹੋਰ ਜ਼ਖ਼ਮੀ ਹੋ ਗਏ ਸਨ। 
ਪੁਲਵਾਮਾ ਹਮਲੇ ਮਗਰੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਸਭ ਤੋਂ ਵੱਡੇ ਟਿਕਾਣੇ 'ਤੇ ਹਵਾਈ ਹਮਲਾ ਕੀਤਾ ਜਿਸ  ਵਿਚ  ਇਕ ਵਾਰ ਫਿਰ ਦੋਹਾਂ ਦੇਸ਼ਾਂ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ।   (ਪੀਟੀਆਈ)
 

Related Stories