ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਦੋ ਭਰਾਵਾਂ ਸਮੇਤ ਪਾਕਿ ’ਚ 44 ਅਤਿਵਾਦੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੁਲਵਾਮਾ ਹਮਲੇ ਮਗਰੋਂ ਚਾਰੋਂ ਪਾਸਿਓਂ ਘਿਰੇ ਪਾਕਿਸਤਾਨ ਨੇ ਹੁਣ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਦੋ ਭਰਾਵਾਂ ਸਮੇਤ 44 ਅਤਿਵਾਦੀਆਂ...

Masood Azhar

ਇਸਲਾਮਾਬਾਦ : ਪੁਲਵਾਮਾ ਹਮਲੇ ਮਗਰੋਂ ਚਾਰੋਂ ਪਾਸਿਓਂ ਘਿਰੇ ਪਾਕਿਸਤਾਨ ਨੇ ਹੁਣ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਦੋ ਭਰਾਵਾਂ ਸਮੇਤ 44 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸ਼ਹਰਯਾਰ ਅਫ਼ਰੀਦੀ ਨੇ ਅੱਜ ਕਿਹਾ ਕਿ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁਲ ਰਊਫ ਅਤੇ ਹੰਮਾਦ ਅਜ਼ਹਰ ਸਮੇਤ 44 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਸ਼ਹਰਯਾਰ ਨੇ ਦਾਅਵਾ ਕੀਤਾ ਕਿ ਇਹ ਗ੍ਰਿਫ਼ਤਾਰੀਆਂ ਕਿਸੇ ਦਬਾਅ ਵਿਚ ਨਹੀਂ ਕੀਤੀ ਗਈਆਂ ਹਨ।

ਇਕ ਪ੍ਰੈਸ ਕਾਂਨਫਰੰਸ ਵਿਚ ਸ਼ਹਰਯਾਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਦਾ ਇਹ ਐਕਸ਼ਨ ਕਿਸੇ ਬਾਹਰੀ ਦਬਾਅ ਵਿਚ ਨਹੀਂ ਹੈ। ਇਹ ਕਾਰਵਾਈ ਸਾਰੇ ਪਾਬੰਦੀਸ਼ੁਦਾ ਸੰਗਠਨਾਂ ਦੇ ਵਿਰੁਧ ਕੀਤੀ ਗਈ ਹੈ। ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁਲ ਰਊਫ ਅਤੇ ਹੰਮਾਦ ਅਜ਼ਹਰ ਦੀ ਗ੍ਰਿਫ਼ਤਾਰੀ ਨੂੰ ਭਲੇ ਹੀ ਪਾਕਿਸਤਾਨ ਭਾਰਤ ਦਾ ਦਬਾਅ ਮੰਨਣ ਤੋਂ ਇਨਕਾਰ ਕਰੇ ਪਰ ਇਹ ਜਗਜਾਹਿਰ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਅਤਿਵਾਦ ਸੰਗਠਨਾਂ ਉਤੇ ਐਕਸ਼ਨ ਲੈਣ ਦਾ ਚੌਤਰਫ਼ਾ ਦਬਾਅ ਪੈ ਰਿਹਾ ਹੈ।

ਇਸ ਲਈ ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਹਰਯਾਰ ਨੇ ਪ੍ਰੈਸ ਕਾਂਨਫਰੰਸ ਵਿਚ ਕਿਹਾ ਕਿ ਭਾਰਤ ਨੇ ਜੋ ਸਬੂਤ ਸੌਂਪੇ ਹਨ, ਉਸ ਵਿਚ ਮਸੂਦ ਦੇ ਇਨ੍ਹਾਂ ਦੋਵਾਂ ਭਰਾਵਾਂ ਦੇ ਨਾਮ ਵੀ ਸ਼ਾਮਿਲ ਸੀ। ਪਾਕਿਸਤਾਨ ਦੇ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਇਕ ਬੈਠਕ ਕੀਤੀ ਗਈ, ਜਿਸ ਵਿਚ  ਤੈਅ ਕੀਤਾ ਗਿਆ ਕਿ ਪਾਬੰਦੀਸ਼ੁਦਾ ਕੀਤੇ ਗਏ ਸਾਰੇ ਸੰਗਠਨਾਂ  ਦੇ ਵਿਰੁਧ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ।

ਪੁਲਵਾਮਾ ਹਮਲੇ ਤੋਂ ਬਾਅਦ ਚੌਤਰਫ਼ਾ ਘਿਰਿਆ ਪਾਕਿਸਤਾਨ ਦੁਨੀਆ ਨੂੰ ਵਿਖਾਉਣਾ ਚਾਹੁੰਦਾ ਹੈ ਕਿ ਉਹ ਅਤਿਵਾਦ ਉਤੇ ਨੁਕੇਲ ਕਸ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਦਰਅਸਲ ਪਾਕਿਸਤਾਨ ਅਜਿਹਾ ਕਰ ਕੇ ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਦਿਨੀਂ FATF ਦੀ ਬੈਠਕ ਤੋਂ ਪਹਿਲਾਂ ਜੋ ਖ਼ਬਰ ਸੀ ਕਿ ਪਾਕਿਸਤਾਨ ਨੇ ਮੋਸਟ ਵਾਂਟੇਡ ਅਤਿਵਾਦੀ ਹਾਫ਼ਿਜ਼ ਸਈਅਦ ਦੇ ਸੰਗਠਨ ਜਮਾਤ-ਉਦ-ਦਾਅਵਾ ਉਤੇ ਪਾਬੰਦੀ ਲਗਾਈ ਹੈ, ਉਹ ਝੂਠੀ ਨਿਕਲੀ।

ਜੋ ਲਿਸਟ ਸਾਹਮਣੇ ਆਈ, ਉਸ ਤੋਂ ਖੁਲਾਸਾ ਹੋਇਆ ਸੀ ਕਿ ਪਾਕਿ ਦੀ ਸਰਕਾਰ ਨੇ ਇਸ ਸੰਗਠਨ ਉਤੇ ਪਾਬੰਦੀ ਨਹੀਂ ਲਗਾਈ ਹੈ, ਸਗੋਂ ਸਿਰਫ਼ ਇਸ ਉਤੇ ਨਿਗਰਾਨੀ ਰੱਖਣ ਦੀ ਗੱਲ ਕਹੀ ਹੈ। ਪਾਕਿਸਤਾਨ ਦੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਅਥਾਰਿਟੀ ਦੇ ਅੰਕੜੀਆਂ ਮੁਤਾਬਕ, ਪਾਕਿ ਸਰਕਾਰ ਨੇ ਕਈ ਅਤਿਵਾਦੀ ਸੰਗਠਨਾਂ ਉਤੇ ਕਾਰਵਾਈ ਕੀਤੀ ਹੈ। ਇਹਨਾਂ ਵਿਚੋਂ ਕੁਝ ਉਤੇ ਪਾਬੰਦੀ ਲਗਾਈ ਗਈ ਹੈ ਜਦੋਂ ਕਿ ਕੁਝ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਜਿਨ੍ਹਾਂ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ ਉਸ ਵਿਚ ਹਾਫ਼ਿਜ਼ ਸਈਅਦ ਦਾ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਹੈ। ਇਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਜੋ ਦੁਨੀਆ ਭਰ ਦੇ ਸਾਹਮਣੇ ਕਹਿ ਰਿਹਾ ਸੀ ਕਿ ਉਹ ਅਤਿਵਾਦੀਆਂ ਦੇ ਵਿਰੁਧ ਸਖ਼ਤ ਐਕਸ਼ਨ ਲੈ ਰਿਹਾ ਹੈ ਅਤੇ ਸ਼ਾਂਤੀ ਚਾਹੁੰਦਾ ਹੈ ਉਹ ਸਭ ਇਕ ਸਫ਼ੈਦ ਝੂਠ ਨਿਕਲਿਆ। ਹਾਲਾਂਕਿ, ਇਸ ਲਿਸਟ ਵਿਚ ਜਿਨ੍ਹਾਂ ਸੰਗਠਨਾਂ ਉਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ, ਉਸ ਵਿਚ ਕਈ ਵੱਡੇ ਸੰਗਠਨ ਸ਼ਾਮਿਲ ਹਨ। ਇਹਨਾਂ ਵਿਚ ਮੌਲਾਨਾ ਮਸੂਦ ਅਜ਼ਹਰ ਦਾ ਜੈਸ਼ ਵੀ ਸ਼ਾਮਿਲ ਹੈ।