ਕੇਰਲਾ ਦੇ ਕ੍ਰਿਸ਼ਚੀਅਨ ਕਾਲਜ ਦੇ ਵਿਤਕਰੇ ਤੋਂ ਤੰਗ ਆ ਕੇ ਸਿੱਖ ਨੌਜਵਾਨ ਨੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਪਰਵਾਰ ਨੇ ਕਾਲਜ ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼

file photo

ਕੇਰਲਾ : ਕੇਰਲਾ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕਾਲਜ ਵਲੋਂ ਸਿੱਖ ਵਿਦਿਆਰਥੀ ਨਾਲ ਧਾਰਮਕ ਵਿਤਕਰਾ ਕਰਦਿਆਂ ਉਸ ਨੂੰ ਇਮਤਿਹਾਨ ਵਿਚ ਬੈਠਣ ਤੋਂ ਰੋਕ ਦਿਤਾ ਗਿਆ। ਇਸ ਤੋਂ ਪ੍ਰੇਸ਼ਾਨ ਹੋਏ ਇਸ 21 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਕੇਰਲਾ ਦੇ ਮਾਲਾਬਾਰ ਕ੍ਰਿਸ਼ਚੀਅਨ ਕਾਲਜ 'ਚ ਪੜ੍ਹ ਰਹੇ ਇਸ ਸਿੱਖ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਸੀ।

21 ਸਾਲਾਂ ਇਹ ਸਿੱਖ ਵਿਦਿਆਰਥੀ ਕੋਜ਼ੀਕੋਡ ਦੇ ਮਲਾਬਾਰ ਕ੍ਰਿਸ਼ਚੀਅਨ ਕਾਲਜ ਵਿਚ ਅਰਥ ਸ਼ਾਸਤਰ ਵਿਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਵਾਰ ਦਾ ਮੰਨਣਾ ਹੈ ਕਿ ਲੜਕੇ ਦਾ ਧਾਰਮਿਕ ਵਿਤਕਰਾ ਕੀਤਾ ਗਿਆ ਹੈ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ  ਚੁਕਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ 'ਚ ਪੀੜਤ ਪਰਵਾਰ ਨੇ ਕਾਲਜ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ ਹਨ। ਪਰਵਾਰਕ ਸੂਤਰਾਂ ਅਨੁਸਾਰ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਸਿਰਫ਼ ਇਸ ਕਰ ਕੇ ਨਹੀਂ ਸੀ ਦਿਤਾ ਜਾ ਰਿਹਾ ਕਿਉਂਕਿ ਸਾਲ ਭਰ ਵਿਚ ਉਸ ਦੀ ਹਾਜ਼ਰੀ ਦੀ ਦਰ ਲੋੜੀਂਦੇ 75 ਪ੍ਰਤੀਸ਼ਤ ਨਾਲੋਂ 7 ਪ੍ਰਤੀਸ਼ਤ ਘੱਟ ਸੀ।

ਪਿਛਲੇ ਮਹੀਨੇ ਉਸ ਦੇ ਦਾਦੇ ਦਾ ਦੇਹਾਂਤ ਹੋ ਗਿਆ ਸੀ। ਇਸ ਕਾਰਨ ਹੀ ਉਸ ਨੂੰ ਅਪਣੇ ਦਾਦੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਪੰਜਾਬ ਆਉਣਾ ਪਿਆ ਸੀ। ਵਾਪਸੀ 'ਤੇ ਉਹ ਦਿੱਲੀ ਵਿਚ ਵਿਗੜੇ ਮਾਹੌਲ ਦੌਰਾਨ ਉਥੇ ਫਸ ਗਏ ਸਨ। ਪਰਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੇ ਇਸ ਸਬੰਧੀ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕਰ ਕੇ ਅਪਣੀ ਮਜ਼ਬੂਰੀ ਦੱਸਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀ ਅਤੇ ਉਸਦੇ ਪਰਵਾਰ ਨੂੰ ਹਾਲਾਤਾਂ ਬਾਰੇ ਦੱਸਣ ਦਾ ਕੋਈ ਮੌਕਾ ਨਹੀਂ ਦਿਤਾ ਗਿਆ। ਇਸ ਦੀ ਬਜਾਏ ਇਹੀ ਕਿਹਾ ਜਾ ਰਿਹਾ ਸੀ ਕਿ ਉਹ ਅਪਣੀ ਪ੍ਰੀਖਿਆ ਨਹੀਂ ਦੇ ਸਕੇਗਾ।

ਜਸਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਸਦੇ ਪਿਤਾ ਨੇ ਕਾਲਜ ਮੈਨੇਜਮੈਂਟ ਕੋਲ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਇਸ ਵਿਚ ਉਨ੍ਹਾਂ ਦਾ ਪੱਖ ਜਾਨਣ 'ਚ ਕੋਈ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਕਾਲਜ ਪ੍ਰਬੰਧਕਾਂ 'ਤੇ ਵਿਤਕਰੇ ਦੇ ਕਥਿਤ ਦੋਸ਼ ਲਾਏ ਕਿ ਉਹ ਉਨ੍ਹਾਂ ਨੂੰ ਕੇਰਲਾ ਦੀ ਬਜਾਏ ਪੰਜਾਬ ਜਾ ਕੇ ਅਪਣੀ ਪ੍ਰੀਖਿਆ ਦੇਣ ਲਈ ਕਹਿੰਦੇ ਸਨ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਨੂੰ ਨਸਲੀ ਵਿਤਕਰੇ ਦਾ ਸਭ ਤੋਂ ਭੈੜਾ ਮਾਮਲਾ ਦਸਦਿਆ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।