ਸਿੱਖ ਵਿਦਿਆਰਥੀ ਨੂੰ ਪੱਗ ਬੰਨ ਕੇ ਕਲਾਸ ‘ਚ ਬੈਠਣ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰਿਵਾਰ ਨੇ ਪ੍ਰਗਟਾਇਆ ਰੋਸ...

Sikh

ਜਮਸ਼ੇਦਪੁਰ : ਜਮਸ਼ੇਦਪੁਰ ਦੇ ਕੇਰਲਾ ਸਮਾਜ ਮਾਡਲ ਸਕੂਲ ਨੇ 11ਵੀਂ ਜਮਾਤ ਦੇ ਇੱਕ ਸਿੱਖ ਵਿਦਿਆਰਥੀ  ਨੂੰ ਪੱਗ ਬੰਨ ਕੇ ਕਲਾਸ ਵਿਚ ਬੈਠਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਿਦਿਆਰਥੀ ਨੂੰ ਇਹ ਫੁਰਮਾਨ ਸਕੂਲ ਨੇ ਜਾਰੀ ਕੀਤਾ ਹੈ ਕਿ ਜੇਕਰ ਪੱਗ ਬੰਨ ਕੇ ਸਕੂਲ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਪੱਗ ਬੰਨਣ ‘ਤੇ ਰੋਕ ਲਗਾਉਣ ਤੋਂ ਬਾਅਦ ਵਿਦਿਆਰਥੀ ਨੇ ਇਸਦੀ ਸੂਚਨਾ ਅਪਣੇ ਪਰਵਾਰ ਵਾਲਿਆਂ ਨੂੰ ਦਿੱਤੀ।

ਜਿਵੇਂ ਹੀ ਇਸ ਫੁਰਮਾਨ ਦੀ ਖ਼ਬਰ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ, ਤਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਸਕੂਲ ਪੁੱਜੇ ਤੇ ਜਮ ਕੇ ਹੰਗਾਮਾ ਕੀਤਾ ਨਾਲ ਹੀ ਸਕੂਲ ਨੂੰ ਇਹ ਸਾਫ਼ ਹੁਕਮ ਵੀ ਦਿੱਤਾ ਕਿ ਜੇਕਰ ਸਾਡੇ ਧਰਮ ਦੇ ਨਾਲ ਖਿਲਵਾੜ ਕੀਤਾ ਗਿਆ ਤਾਂ ਸਿੱਖ ਸਮਾਜ ਬਰਦਾਸ਼ਤ ਨਹੀਂ ਕਰੇਗਾ। ਉਧਰ ਸਿੱਖ ਸਮਾਜ ਦੇ ਲੋਕਾਂ ਨੇ ਸਕੂਲ ਵਿਚ ਜਮ ਕੇ ਹੰਗਾਮਾ ਕੀਤਾ।

ਫਿਲਹਾਲ ਇਸ ਮੁੱਦੇ ਪਰ ਵਾਰਤਾ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਡ੍ਰੈਸ ਕੋਡ ਦੇ ਨਾਲ ਪੱਗ ਬੰਨਣ ਨੂੰ ਆਗਿਆ ਦੇ ਦਿੱਤੀ ਹੈ ਤੇ ਕਿਹਾ ਕਿ ਸਾਰੇ ਸਿੱਖ ਸਮਾਜ ਦੇ ਬੱਚੇ ਇਕ ਹੀ ਰੰਗ ਦੀ ਪੱਗ ਦਾ ਇਸਤੇਮਾਲ ਕਰਕੇ ਅਪਣੀ ਜਮਾਤ ਨੂੰ ਸੁਚੱਜੇ ਢੰਗ ਨਾਲ ਜਾਰੀ ਰੱਖ ਸਕਣਗੇ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਿੱਖਾਂ ਦੇ ਕਕਾਰਾਂ ’ਤੇ ਪਾਬੰਦੀਆਂ ਲਗਾਉਣ ਤੇ ਦਸਤਾਰ ਦੀ ਬੇਅਦਬੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਹਾਲ ਹੀ ‘ਚ  ਹਰਿਆਣਾ ‘ਚ ਸਿਵਲ ਸੇਵਾਵਾਂ ਦੀ ਭਲਕੇ ਯਾਨੀ 31 ਮਾਰਚ ਨੂੰ ਹੋਣ ਵਾਲੀ ਪ੍ਰੀਖਿਆ ਮੌਕੇ ਕੇਂਦਰਾਂ ਵਿੱਚ ਸਿੱਖੀ ਕਕਾਰਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਬੀਤੀ 26 ਮਾਰਚ ਨੂੰ ਉਮੀਦਵਾਰਾਂ ਨੂੰ ਕੁਝ ਵਸਤਾਂ ਪ੍ਰੀਖਿਆ ਕੇਂਦਰਾਂ ਵਿੱਚ ਨਾ ਲਿਆਉਣ ਜਾਂ ਪਹਿਣਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਨਵ-ਵਿਆਹੀਆਂ ਦੇ ਚੂੜੇ, ਗਹਿਣੇ ਆਦਿ ਤੋਂ ਲੈਕੇ ਕਿਸੇ ਵੀ ਕਿਸਮ ਦੇ ਧਾਰਮਿਕ ਚਿੰਨ੍ਹ ਨੂੰ ਨਾ ਧਾਰਨ ਕਰਨ ਲਈ ਕਿਹਾ ਗਿਆ ਹੈ।

ਇਸ ਤੋਂ ਬਾਅਦ ਇਕ ਹੋਰ ਇਸ ਤਰ੍ਹਾਂ ਦੀ ਹੀ ਖ਼ਬਰ ਸਾਹਮਣੇ ਆਈ ਕਿ ਸਿੱਖ ਟਰੱਕ ਚਾਲਕ ਨੇ ਦੋਸ਼ ਲਗਾਇਆ ਕਿ ਯੂਪੀ ਪੁਲਿਸ ਨੇ ਉਸ ਦੀ ਦਾੜ੍ਹੀ ਨੂੰ ਖਿੱਚੀ। ਇਸ ਮਗਰੋਂ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਵਰਦੀ ਦਾ ਰੋਹਬ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਤਰਵਾਰ ਕੱਢ ਲਈ ਅਤੇ ਧਮਕੀ ਦਿੱਤੀ ਕਿ ਹੁਣ ਕੋਈ ਉਸ ਦੀ ਦਾੜ੍ਹੀ ਨੂੰ ਹੱਥ ਪਾ ਕੇ ਵਿਖਾਏ। ਇਸ ਮਗਰੋਂ ਪੁਲਿਸ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ।

ਇਹ ਘਟਨਾਵਾਂ ਕਈ ਸਵਾਲ ਖੜੇ ਕਰ ਰਹੀਆਂ ਹਨ ਕਿ ਸਿੱਖਾਂ ਬਾਰੇ ਜਾਣਕਾਰੀ ਰੱਖਦੇ ਹੋਏ ਵੀ ਆਪਣੇ ਹੀ ਦੇਸ਼ ’ਚ ਅਜਿਹੀਆਂ ਘਟਨਾਵਾਂ ਲਗਾਤਾਰ ਕਿਉਂ ਵਾਪਰ ਰਹੀਆਂ ਹਨ? ਕੀ ਇਸਦੇ ਪਿੱਛੇ ਕੋਈ ਸਾਜਿਸ਼ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੁਮੈਂਟ ਬਾਕਸ ’ਚ ਆਪਣੀ ਰਾਏ ਜ਼ਰੂਰ ਦੇਣਾ ਤੇ ਪੋਸਟ ਨੂੰ ਸ਼ੇਅਰ ਕਰ ਦੇਣਾ।