ਤਿੰਨ ਸਾਲ ਦੀ ਭੁੱਖੀ ਬੱਚੀ ਨੂੰ ਸ਼ਰਾਬ ਪਿਆਉਂਦਾ ਰਿਹਾ ਪਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁੱਧ ਦੀ ਬੋਤਲ ਵਿਚ ਸ਼ਰਾਬ ਪਾ ਕੇ ਪਿਆ ਰਿਹਾ ਸੀ ਪਿਤਾ

A three-year-old hungry girl drunk alcohol

ਨਵੀਂ ਦਿੱਲੀ- ਦਿੱਲੀ ਦੇ ਪ੍ਰੇਮਨਗਰ ਵਿਚ ਰਹਿਣ ਵਾਲੇ ਇਕ ਪਿਤਾ ਦੀ ਕਰਤੂਤ ਜਾਣਕੇ ਤੁਸੀਂ ਵੀ ਅੰਦਰ ਤੱਕ ਹਿਲ ਜਾਓਗੇ। ਪਿਤਾ ਹਰ ਸਮੇਂ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਹੈ ਅਤੇ ਉਸਨੇ ਆਪਣੀ ਤਿੰਨ ਸਾਲ ਦੀ ਬੱਚੀ ਨੂੰ ਖਾਣੇ ਦੇ ਲਈ ਤਿੰਨ ਦਿਨ ਕੁਝ ਨਹੀਂ ਦਿੱਤਾ। ਇੱਥੋਂ ਤੱਕ ਹੀ ਨਹੀਂ, ਉਹ ਭੁੱਖ ਨਾਲ ਰੋਂਦੀ ਬੱਚੀ ਨੂੰ ਦੁੱਧ ਦੀ ਬੋਤਲ ਵਿਚ ਸ਼ਰਾਬ ਪਾ ਕੇ ਪਿਆ ਰਿਹਾ ਸੀ। ਸ਼ੁੱਕਰਵਾਰ ਨੂੰ ਕਿਸੇ ਗੁਆਢੀਂ ਨੇ ਇਸਦੀ ਸੂਚਨਾ ਦਿੱਲੀ ਮਹਿਲਾ ਕਮਿਸ਼ਨ ਦੀ 181 ਮਹਿਲਾ ਹੈਲਪਲਾਈਨ ਉਤੇ ਦਿੱਤੀ।

ਇਸ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਟੀਮ ਨੇ ਬੱਚੇ ਨੂੰ ਪਿਤਾ ਦੇ ਚੁਗਲ ਵਿਚੋਂ ਛੁਡਵਾਇਆ ਅਤੇ ਹਸਪਤਾਲ ਭਰਤੀ ਕਰਵਾਇਆ। ਆਪਣੇ ਹੀ ਮਲ ਮੂਤਰ ਵਿਚ ਰਹਿਣ ਕਾਰਨ ਉਹ ਗੰਭੀਰ ਲਾਗ ਦਾ ਸ਼ਿਕਾਰ ਹੋ ਚੁੱਕੀ ਹੈ। ਕਮਿਸ਼ਨ ਮੁਤਾਬਕ, ਬੱਚੀ ਤਿੰਨ ਦਿਨ ਤੋਂ ਭੁੱਖੀ ਸੀ। ਜਦੋਂ ਪੁਲਿਸ ਟੀਮ ਪਿਤਾ ਦੇ ਘਰ ਪਹੁੰਚੀ ਤਾਂ ਉਥੋਂ ਦੇ ਹਾਲਤ ਡਰਾਉਣ ਵਾਲੇ ਸਨ। ਬੱਚੀ ਰੋ ਰੋ ਕੇ ਨਿਢਾਲ ਹੋ ਗਈ ਸੀ, ਜਦੋਂ ਕਿ ਪਿਤਾ ਉਸੇ ਕਮਰੇ ਵਿਚ ਸੋ ਰਿਹਾ ਸੀ। ਪੂਰੇ ਕਮਰੇ ਵਿਚ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਸਨ। ਮਾਸੂਮ ਜਦੋਂ ਦੋ ਸਾਲ ਦੀ ਸੀ, ਤਾਂ ਉਸਦੀ ਮਾਂ ਦੀ ਮੌਤ ਹੋ ਗਈ।

ਉਹ ਤੋਤਲੇ ਸ਼ਬਦਾਂ ਵਿਚ ਆਪਣੀ ਗੱਲ ਵੀ ਪੂਰੀ ਤਰ੍ਹਾਂ ਕਹਿਣਾ ਨਹੀਂ ਸਿੱਖ ਸਕੀ। ਪਿਤਾ ਨੇ ਉਸ ਨੂੰ ਸਿਰਫ਼ ਰੋਣਾ ਹੀ ਸਿਖਾਇਆ ਹੈ। ਕਮਿਸ਼ਨ ਦੀ ਟੀਮ ਨੂੰ ਗੁਆਢੀਆਂ ਨੇ ਦੱਸਿਆ ਕਿ ਬੱਚੀ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ।  ਸ਼ਰਾਬ ਦੇ ਨਸ਼ੇ ਵਿਚ ਉਹ ਘੰਟਿਆਂ ਤੱਕ ਸੁੱਤਾ ਰਹਿੰਦਾ ਸੀ। ਉਸਦੀ ਛੋਟੀ ਬੱਚੀ ਭੁੱਖ ਅਤੇ ਗੰਦਗੀ ਵਿਚ ਬੈਠਕੇ ਰੋਦੀ ਰਹਿੰਦੀ ਸੀ। ਉਹ ਜਦੋਂ ਕੰਮ ਉਤੇ ਜਾਂਦਾ ਸੀ ਤਾਂ ਬੱਚੀ ਨੂੰ ਕਮਰੇ ਵਿਚ ਇਕੱਲਾ ਛੱਡ ਜਾਂਦਾ ਸੀ ਅਤੇ ਗੁਆਂਢੀਆਂ ਨੂੰ ਵੀ ਉਸਦੀ ਮਦਦ ਨਹੀਂ ਕਰਨ ਦਿੰਦਾ ਸੀ।

ਗੁਆਢੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਪਿਤਾ ਨੂੰ ਬੱਚੀ ਨੂੰ ਦੁੱਧ ਵਾਲੀ ਬੋਤਲ ਵਿਚ ਸ਼ਰਾਬ ਪਾ ਕੇ ਵੀ ਪਿਲਾਉਂਦੇ ਹੋਏ ਦੇਖਿਆ ਹੈ। ਕਮਿਸ਼ਨ ਦੀ ਟੀਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਬੱਚੀ ਦੇ ਪਿਤਾ ਨੂੰ ਜ਼ਬਰਦਸਤੀ ਜਗਾਇਆ ਤਾਂ ਉਹ ਹਿੰਸਕ ਹੋ ਗਿਆ। ਉਸਨੇ ਬੱਚੀ ਨੂੰ ਹਸਪਤਾਲ ਲੈ ਕੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਉਤੇ ਮਹਿਲਾ ਕਮਿਸ਼ਨ ਦੀ ਟੀਮ ਨੇ ਪੁਲਿਸ ਨੂੰ ਬੁਲਾਇਆ। ਐਸਐਚਓ ਪ੍ਰੇਮ ਨਗਰ ਦੇ ਨਿਰਦੇਸ਼ ਉਤੇ ਬੱਚੀ ਅਤੇ ਉਸਦੇ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਸ ਮਾਮਲੇ ਵਿਚ ਐਫਆਈਆਰ ਦਰਜ ਨਹੀਂ ਹੋਈ।

ਹਸਪਤਾਲ ਵਿਚ ਮਾਸੂਮ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਗੰਦੇ ਡਾਈਪਰ ਅਤੇ ਸਾਫ ਸਫਾਈ ਨਾ ਹੋਣ ਕਾਰਨ ਲਾਗ ਹੋ ਗਈ ਹੈ। ਉਸ ਨੂੰ ਤੇਜ਼ ਬੁਖਾਰ ਹੈ ਅਤੇ ਉਸਦੇ ਸ਼ਰੀਰ ਉਤੇ ਸੱਟ ਦੇ ਨਿਸ਼ਾਨ ਵੀ ਹਨ। ਉਸਦੇ ਹਰ ਸਮੇਂ ਦੇਖਭਾਲ ਲਈ ਕਮਿਸ਼ਨ ਦੀ ਕਾਉਂਟਰ ਤੈਨਾਤ ਕੀਤੀ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਬਾਅਦ ਉਸ ਨੂੰ ਸ਼ੈਲਟਰ ਹੋਮ ਵਿਚ ਲਿਜਾਇਆ ਜਾਵੇਗਾ।

ਉਥੇ, ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਅਤੇ 181 ਹੈਲਪਲਾਈਨ ਅਤੇ ਮੋਬਾਇਲ ਹੈਲਪਲਾਈਨ ਪ੍ਰੋਗਰਾਮ ਦੀ ਇੰਚਾਰਜ ਕਿਰਨ ਨੇਗੀ ਅਤੇ ਵੰਦਰਨਾ ਸਿੰਘ ਨੇ ਪੁਲਿਸ ਕਮਿਸ਼ਨਰ ਤੋਂ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਨ ਅਤੇ ਉਸਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਉਸ ਆਦਮੀ ਦੀ ਸ਼ਲਾਘਾ ਕਰਦੀ ਹਾਂ, ਜਿਸਨੇ ਕਮਿਸ਼ਨ ਦੀ ਹੈਲਪਲਾਈਨ ਉਤੇ ਫੋਨ ਕੀਤਾ ਅਤੇ ਮਾਸੂਮ ਨੂੰ ਬਚਾਉਣ ਵਿਚ ਮਦਦ ਕੀਤੀ। ਪੁਲਿਸ ਨੂੰ ਪਿਤਾ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।