ਗੁੜਗਾਓਂ ਹਿੰਦੂ ਸੈਨਾ ਨੇ ਜ਼ਬਰੀ ਬੰਦ ਕਰਵਾਈਆਂ ਮੀਟ ਦੀਆਂ ਦੁਕਾਨਾਂ
ਨੰਗੀਆਂ ਤਲਵਾਰਾਂ ਲੈ ਕੇ ਪੁੱਜੇ ਦਰਜਨ ਤੋਂ ਵੀ ਜ਼ਿਆਦਾ ਹਿੰਦੂ ਵਰਕਰ
ਗੁੜਗਾਓਂ: ਗੁੜਗਾਓਂ ਵਿਚ ਇਕ ਵਾਰ ਫਿਰ ਹਿੰਦੂ ਸੈਨਾ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਹਿੰਦੂ ਤਿਉਹਾਰ ਨਰਾਤਿਆਂ ਦੇ ਪਹਿਲੇ ਦਿਨ ਦਰਜਨ ਤੋਂ ਵੀ ਜ਼ਿਆਦਾ ਹਿੰਦੂ ਸੈਨਾ ਦੇ ਤਲਵਾਰਧਾਰੀ ਗੁੰਡਿਆਂ ਨੇ ਗੁੜਗਾਓਂ ਦੇ ਡੂੰਡਾਹੇੜਾ ਇਲਾਕੇ ਵਿਚ ਜ਼ਬਰਦਸਤੀ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ। ਇਹ ਕਾਫ਼ੀ ਭਿਆਨਕ ਮੰਜ਼ਰ ਸੀ ਕਿਉਂਕਿ ਭਗਵਾ ਕੱਪੜੇ ਪਹਿਨੀਂ ਹਿੰਦੂ ਸੈਨਾ ਵਰਕਰਾਂ ਦੇ ਹੱਥਾਂ ਵਿਚ ਤਲਵਾਰਾਂ ਅਤੇ ਡੰਡੇ ਸੋਟੇ ਫੜੇ ਹੋਏ ਸਨ।
ਡਰਦੇ ਹੋਏ ਕਿਸੇ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਅਤੇ ਚੁੱਪ ਚਾਪ ਦੁਕਾਨਾਂ ਬੰਦ ਕਰ ਦਿਤੀਆਂ। ਡੂੰਡਾਹੇੜਾ ਵਿਚ ਇਹ ਅਭਿਆਨ ਹਿੰਦੂ ਸੈਨਾ ਦੇ ਮੈਂਬਰ ਰਾਕੇਸ਼ ਬੰਜਾਰਾ ਵਲੋਂ ਚਲਾਇਆ ਗਿਆ ਸੀ। ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਦੇ ਬੁਲਾਰੇ ਰਾਜੀਵ ਮਿੱਤਲ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਨਰਾਤਿਆਂ ਵਿਚ ਪਿਆਜ਼ ਦੀ ਵਰਤੋਂ ਧਾਰਮਿਕ ਭਾਵਨਾਵਾਂ ਦੇ ਸਨਮਾਨ ਵਿਚ ਬੰਦ ਕਰ ਸਕਦੇ ਹਨ ਤਾਂ ਫਿਰ ਮੁਸਲਿਮ ਲੋਕ ਮੀਟ ਦੀਆਂ ਦੁਕਾਨਾਂ ਕਿਉਂ ਨਹੀਂ ਬੰਦ ਕਰ ਸਕਦੇ?
ਉਧਰ ਮੀਟ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਨੇ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਹਨ ਪਰ ਇਸ ਦੌਰਾਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਤਰ੍ਹਾਂ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹੋਣ। ਇਸ ਮਾਮਲੇ ਨੂੰ ਲੈ ਕੇ ਡੀਸੀਪੀ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਹਿੰਦੂ ਸੈਨਾ ਵਲੋਂ ਜੋ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ, ਉਸ ਸਬੰਧੀ ਹਾਲੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਦੋਂ ਕੋਈ ਸ਼ਿਕਾਇਤ ਮਿਲੇਗੀ ਤਾਂ ਉਹ ਇਸ 'ਤੇ ਕਾਰਵਾਈ ਕਰਨਗੇ।
ਦਸ ਦਈਏ ਕਿ ਗੁੜਗਾਓਂ ਵਿਚ ਕੁੱਝ ਦਿਨ ਪਹਿਲਾਂ ਹੋਲੀ ਵਾਲੇ ਦਿਨ ਵੀ ਕੁੱਝ ਹਿੰਦੂ ਨੌਜਵਾਨਾਂ ਵਲੋਂ ਇਕ ਮੁਸਲਿਮ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੇ ਪਰਿਵਾਰ ਦੀ ਭਾਰੀ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ।