ਫ਼ੌਜੀ ਵਾਹਨਾਂ ਦੀ ਆਵਾਜਾਈ ਲਈ ਜੰਮੂ-ਕਸ਼ਮੀਰ ਹਾਈਵੇਅ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਡੀਪੀ, ਨੈਸ਼ਨਲ ਕਾਨਫ਼ਰੰਸ ਅਤੇ ਹੋਰ ਆਗੂਆਂ ਨੇ ਕੀਤਾ ਵਿਰੋਧ

Jammu-Kashmir highway

ਸ੍ਰੀਨਗਰ : ਅੱਜ ਤੋਂ ਹਰ ਹਫ਼ਤੇ ਦੋ ਦਿਨ ਜੰਮੂ-ਸ੍ਰੀਨਗਰ ਹਾਈਵੇਅ ਆਮ ਨਾਗਰਿਕਾਂ ਲਈ ਬੰਦ ਰਹੇਗਾ। ਇਸ ਪਾਬੰਦੀ 'ਤੇ ਅਮਲ ਲਈ ਬਾਰਾਮੂਲਾ ਤੋਂ ਉਧਮਪੁਰ ਵਿਚਕਾਰ 270 ਕਿਲੋਮੀਟਰ ਲੰਮੇ ਹਾਈਵੇਅ 'ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹੁਣ ਤੋਂ 31 ਮਈ 2019 ਤਕ ਹਰ ਬੁਧਵਾਰ ਅਤੇ ਐਤਵਾਰ ਨੂੰ ਇਸ ਹਾਈਵੇਅ 'ਤੇ ਸਿਰਫ਼ ਸੁਰੱਖਿਆ ਬਲਾਂ ਦਾ ਕਾਫ਼ਲਾ ਗੁਜਰੇਗਾ। ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਤਾ ਕਿ ਪੁਲਵਾਮਾ 'ਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਜਿਹੀ ਹੋਰ ਵਾਰਦਾਤ ਨਾ ਵਾਪਰ ਸਕੇ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਜੰਮੂ-ਕਸ਼ਮੀਰ ਵਿਚਕਾਰ ਆਮ ਨਾਗਰਿਕਾਂ ਲਈ ਹਫ਼ਤੇ 'ਤੇ ਦੋ ਦਿਨ ਹਾਈਵੇਅ ਬੰਦ ਕਰਨ ਦੇ ਫ਼ੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਫਾਰੁਖ ਅਬਦੁੱਲਾ ਨੇ ਕਿਹਾ ਕਿ ਵਪਾਰਕ ਸੰਗਠਨ ਨਾਲ ਸਬੰਧਤ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦੱਕਿਆ ਕਿ ਇਹ ਹਾਈਵੇਅ ਉਨ੍ਹਾਂ ਲਈ ਲਾਈਫ਼ਲਾਈਨ ਦੀ ਤਰ੍ਹਾਂ ਹੈ। ਇਸ ਦੇ ਬੰਦ ਹੋਣ ਨਾਲ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ੌਜ ਨੂੰ ਰੇਲ ਗੱਡੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤਾਨਾਸ਼ਾਹੀ ਫ਼ੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਨੇਤਾ ਮਹਿਬੂਬਾ ਮੁਫ਼ਤੀ ਨੇ ਲੋਕਾਂ ਨੂੰ ਇਸ ਫ਼ੈਸਲੇ ਨੂੰ ਨਾ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਗਲਤ ਫ਼ੈਸਲਾ ਹੈ। ਇਸ ਫ਼ੈਸਲੇ ਕਾਰਨ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸੀ ਇਸ ਵਿਰੁੱਧ ਅਦਾਲਤ 'ਚ ਜਾਵਾਂਗੇ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਫ਼ੌਜ, ਪੁਲਿਸ ਅਤੇ ਸੀ.ਆਰ.ਪੀ.ਐਫ਼. ਕਰਮਚਾਰੀਆਂ ਨੂੰ ਰਾਜਮਾਰਗ ਵੱਲ ਜਾਣ ਵਾਲੇ ਚੌਰਾਹਿਆਂ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਸਾਧਾਰਨ ਆਵਾਜਾਈ ਸੁਰੱਖਿਆ ਬਲਾਂ ਦੇ ਕਾਫ਼ਲੇ ਦੀ ਆਵਾਜਾਈ 'ਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਾ ਕਰੇ। ਆਮ ਜਨਤਾ ਲਈ ਆਵਾਜਾਈ 31 ਮਈ ਤੱਕ ਹਰ ਹਫ਼ਤੇ ਐਤਵਾਰ ਅਤੇ ਬੁੱਧਵਾਰ ਨੂੰ ਬੰਦ ਰਹੇਗੀ।