6 ਮਹੀਨਿਆਂ ਤਕ ਬੰਦ ਰਹੇਗੀ ਓਲਾ ਟੈਕਸੀ ਸੇਵਾ
ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਈਕ ਟੈਕਸੀ ਦਾ ਸੰਚਾਲਨ ਕਰਨ 'ਤੇ ਕੀਤੀ ਕਾਰਵਾਈ
ਬੰਗਲੁਰੂ : ਐਪ ਦੁਆਰਾ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਕੈਬਜ਼ ਦਾ ਲਾਈਸੈਂਸ ਕਰਨਾਕਟ ਸਰਕਾਰ ਨੇ 6 ਮਹੀਨੇ ਲਈ ਰੱਦ ਕਰ ਦਿੱਤਾ ਹੈ। ਖੇਤਰੀ ਆਵਾਜਾਈ ਦਫ਼ਤਰ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਓਲਾ ਕੈਬਸ ਦਾ ਐਗਰੀਗੇਟਰ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਕੰਪਨੀ ਨੂੰ ਬੰਗਲੁਰੂ 'ਚ ਆਪਣੀ ਐਪ ਆਧਾਰਤ ਟੈਕਸੀ ਸੇਵਾ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਲਈ ਕਿਹਾ ਗਿਆ ਹੈ।
ਓਲਾ ਕੈਬਜ਼ ਵੱਲੋਂ ਕਰਨਾਟਕ ਆਨ ਡਿਮਾਂਡ ਟਰਾਂਸਪੋਰਟੇਸ਼ਨ ਟੈਕਨੋਲਾਜੀ ਐਗਰੀਗੇਟਰ ਨਿਯਮ 2016 ਤਹਿਤ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਈਕ ਟੈਕਸੀ ਦਾ ਸੰਚਾਲਨ ਕਰਨ 'ਤੇ ਇਹ ਕਾਰਵਾਈ ਕੀਤੀ ਗਈ ਹੈ। ਆਦੇਸ਼ ਮੁਤਾਬਕ ਓਲਾ ਨੂੰ ਸ਼ਹਿਰ 'ਚ 6 ਮਹੀਨੇ ਤਕ ਕਿਸੇ ਵੀ ਤਰ੍ਹਾਂ ਦੇ ਵਾਹਨ ਚੱਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 'ਚ ਕਾਰ, ਮੋਟਰਸਾਈਕਲ ਅਤੇ ਆਟੋ ਸ਼ਾਮਲ ਹਨ।
ਮੌਜੂਦਾ ਸਮੇਂ ਕਰਨਾਟਕ 'ਚ ਬਾਈਕ ਟੈਕਸੀ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਸ ਲਈ ਹਾਲੇ ਤਕ ਸੂਬੇ 'ਚ ਕੋਈ ਪਾਲਿਸੀ ਨਹੀਂ ਹੈ। ਓਲਾ, ਟੈਕਸੀ ਫ਼ਾਰ ਸ਼ਯੋਰ ਅਤੇ ਉਬਰ ਡਰਾਈਵਰ ਐਸੋਸੀਏਸ਼ਨ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਬਿਜਨਸ ਘੱਟ ਹੋਣ ਦੀ ਸੰਭਾਵਨਾ ਹੈ।