ਤੂਫ਼ਾਨ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਇਹ ਬਾਲੀਵੁਡ ਅਦਾਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤੀ ਮਦਦ ਲਈ ਦਾਨ ਕੀਤੇ 1 ਕਰੋੜ ਰੁਪਏ

Akshay Kumar Donates Rs 1 Crore For Odisha Cyclone Victims

ਨਵੀਂ ਦਿੱਲੀ : ਉੜੀਸਾ 'ਚ ਚੱਕਰਵਾਤੀ ਤੂਫ਼ਾਨ 'ਫ਼ਾਨੀ' ਕਾਰਨ ਕਈ ਜ਼ਿਲ੍ਹੇ ਪ੍ਰਭਾਵਤ ਹੋਏ ਹਨ। ਹੁਣ ਦੇਸ਼ ਭਰ ਤੋਂ ਲੋਕ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਪੀੜਤਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਖ਼ਬਰ ਹੈ ਕਿ ਅਕਸ਼ੈ ਕੁਮਾਰ ਨੇ ਉੜੀਸਾ ਦੇ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫ਼ੰਡ 'ਚ 1 ਕਰੋੜ ਰੁਪਏ ਦਾਨ ਕੀਤੇ ਹਨ।

ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਨੇ ਇਸ ਤੋਂ ਪਹਿਲਾਂ ਸਾਲ 2015 'ਚ ਚੇਨਈ ਹੜ੍ਹ ਪੀੜਤਾਂ ਦੀ ਮਦਦ ਲਈ 1 ਕਰੋੜ ਰੁਪਏ ਸੀ.ਐਮ. ਰਾਹਤ ਫ਼ੰਡ 'ਚ ਦਾਨ ਕੀਤੇ ਸਨ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਕੇਰਲ ਹੜ੍ਹ ਪੀੜਤਾਂ ਦੀ ਵੀ ਵਿੱਤੀ ਮਦਦ ਕਰ ਚੁੱਕੇ ਹਨ। ਉਨ੍ਹਾਂ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀ ਵੀ ਵਿੱਤੀ ਮਦਦ ਕੀਤੀ ਸੀ।

ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਜੀਤ ਰਾਮ ਗੁੱਜਰ ਦੀ ਪਤਨੀ ਸੁੰਦਰੀ ਦੇਵੀ ਨੂੰ ਅਕਸ਼ੈ ਕੁਮਾਰ ਨੇ 15 ਲੱਖ ਰੁਪਏ ਦਿੱਤੇ ਸਨ। ਅਕਸ਼ੈ ਕੁਮਾਰ ਨੇ ਗ੍ਰਹਿ ਮੰਤਰਾਲਾ ਨਾਲ ਮਿਲ ਕੇ 'ਭਾਰਤ ਦੇ ਵੀਰ' ਐਪ ਸ਼ੁਰੂ ਕੀਤੀ ਸੀ। ਇਸ ਐਪ ਨਾਲ ਦੇਸ਼ ਦਾ ਕੋਈ ਵੀ ਨਾਗਰਿਕ 1 ਰੁਪਏ ਤੋਂ ਲੈ ਕੇ ਆਪਣੀ ਜੇਬ ਮੁਤਾਬਕ ਦਾਨ ਕਰ ਸਕਦਾ ਹੈ। 

ਦੱਸ ਦੇਈਏ ਕਿ ਫ਼ਾਨੀ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਮੌਤ ਦਾ ਇਹ ਅੰਕੜਾ ਕਾਫ਼ੀ ਵੱਧ ਸਕਦਾ ਸੀ ਪਰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਤੂਫ਼ਾਨ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਗਈ ਸੀ।