ਰੰਜਨ ਗੋਗੋਈ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਦੇ ਬਾਹਰ ਰੋਸ ਪ੍ਰਦਰਸ਼ਨ, ਧਾਰਾ 144 ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

52 ਔਰਤਾਂ ਅਤੇ 3 ਮਰਦਾਂ ਨੂੰ ਪੁਲਿਸ ਹਿਰਾਸਤ 'ਚ ਲਿਆ

Section 144 outside SC after protests against clean chit to CJI Ranjan Gogoi

ਨਵੀਂ ਦਿੱਲੀ : ਜਿਨਸੀ ਸ਼ੋਸ਼ਣ ਮਾਮਲੇ 'ਚ ਮੁੱਖ ਜੱਜ ਰੰਜਨ ਗੋਗੋਈ ਨੂੰ ਦਿੱਤੀ ਗਈ ਕਲੀਨ ਚਿੱਟ ਵਿਰੁੱਧ ਸੁਪਰੀਮ ਕੋਰਟ ਦੇ ਬਾਹਰ ਅੱਜ ਕਈ ਸਮਾਜਕ ਸੰਗਠਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ 'ਚ ਮਹਿਲਾ ਕਾਰਕੁਨ, ਵਕੀਲ ਅਤੇ ਆਇਸਾ ਦੇ ਮੈਂਬਰ ਸ਼ਾਮਲ ਸਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਹਾਲਾਤ ਨੂੰ ਵੇਖਦਿਆਂ ਸੁਪਰੀਮ ਕੋਰਟ ਦੇ ਬਾਹਰ ਧਾਰਾ 144 ਲਗਾਈ ਗਈ ਹੈ।

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਮੁਤਾਬਕ ਕੁਲ 52 ਔਰਤਾਂ ਅਤੇ 3 ਮਰਦਾਂ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਹੈ। ਪ੍ਰਸ਼ਾਂਤ ਭੂਸ਼ਨ ਨੇ ਟਵੀਟ ਕੀਤਾ, "ਰੰਜਨ ਗੋਗੋਈ ਨੂੰ ਕਲੀਨ ਚਿੱਟ ਮਿਲਣ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਪੁਲਿਸ ਥਾਣੇ ਲਿਜਾਇਆ ਜਾਂਦਾ ਹੈ। ਕੀ ਵਿਰੋਧ ਕਰਨ ਦਾ ਸੰਵਿਧਾਨਿਕ ਅਧਿਕਾਰ ਸੁਪਰੀਮ ਕੋਰਟ 'ਤੇ ਲਾਗੂ ਨਹੀਂ ਹੁੰਦਾ?"

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਇਕ ਸਾਬਕਾ ਮਹਿਲਾ ਮੁਲਾਜ਼ਮ ਨੇ ਮੁੱਖ ਜੱਜ ਰੰਜਨ ਗੋਗੋਈ ਵਿਰੁੱਧ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਮਹਿਲਾ ਮੁਲਾਜ਼ਮ ਨੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੂੰ ਸ਼ਿਕਾਇਤੀ ਚਿੱਠੀ ਭੇਜੀ ਸੀ। ਮਾਮਲੇ ਦੀ ਸੁਣਵਾਈ ਲਈ ਇਨ ਹਾਊਸ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਹ ਮਹਿਲਾ ਇਸ ਕਮੇਟੀ ਦੀ ਜਾਂਚ 'ਤੇ ਵੀ ਸਵਾਲ ਖੜੇ ਕਰ ਚੁੱਕੀ ਹੈ। ਔਰਤ ਨੇ ਕਮੇਟੀ 'ਤੇ ਜਿਨਸੀ ਸ਼ੋਸ਼ਣ ਕਾਨੂੰਨ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਸੀ।

ਬੀਤੇ ਦਿਨ ਸੋਮਵਾਰ ਨੂੰ ਜਾਂਚ ਕਮੇਟੀ ਨੇ ਰੰਜਨ ਗੋਗੋਈ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਇਨ ਹਾਊਸ ਕਮੇਟੀ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਉਹ ਇਸ ਨਤੀਜੇ 'ਤੇ ਪੁੱਜੇ ਹਨ ਕਿ ਮੁੱਖ ਜੱਜ ਰੰਜਨ ਗੋਗੋਈ 'ਤੇ ਜਿਹੜੇ ਦੋਸ਼ ਲੱਗੇ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਮਿਲੇ ਹਨ।