NDA ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਸ਼ਟਰਪਤੀ ਨੂੰ ਸੌਂਪਿਆ ਸਮਰਥਨ ਪੱਤਰ
9 ਜੂਨ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ
NDA News: ਲੋਕ ਸਭਾ ਚੋਣਾਂ 2024 ਵਿਚ ਐਨਡੀਏ ਨੂੰ ਬਹੁਮਤ ਮਿਲਣ ਤੋਂ ਬਾਅਦ ਗਠਜੋੜ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਐਨਡੀਏ ਨੇ ਰਾਸ਼ਟਰਪਤੀ ਨੂੰ ਸਮਰਥਨ ਪੱਤਰ ਸੌਂਪਿਆ ਹੈ। ਇਸ ਤਰ੍ਹਾਂ 9 ਜੂਨ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ 'ਚ ਖਤਮ ਹੋਈਆਂ ਲੋਕ ਸਭਾ ਚੋਣਾਂ 'ਚ 543 ਮੈਂਬਰੀ ਲੋਕ ਸਭਾ 'ਚ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ, ਜਦਕਿ ਰਾਸ਼ਟਰੀ ਜਮਹੂਰੀ ਗਠਜੋੜ (ਐੱਨਡੀਏ) ਨੂੰ 293 ਸੀਟਾਂ ਮਿਲੀਆਂ ਹਨ। ਐਨਡੀਏ ਦੀਆਂ ਸੀਟਾਂ ਦੀ ਗਿਣਤੀ ਬਹੁਮਤ ਦੇ ਜਾਦੂਈ ਅੰਕੜੇ ਤੋਂ ਵੱਧ ਹੈ।
ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਐਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮੋਦੀ ਨੇ ਕਿਹਾ ਕਿ ਅਗਲੇ ਕਾਰਜਕਾਲ 'ਚ ਉਨ੍ਹਾਂ ਦੀ ਸਰਕਾਰ ਸੁਸ਼ਾਸਨ, ਵਿਕਾਸ, ਜੀਵਨ ਪੱਧਰ 'ਤੇ ਧਿਆਨ ਕੇਂਦਰਿਤ ਕਰੇਗੀ। ਅਗਲੇ 10 ਸਾਲਾਂ 'ਚ ਆਮ ਨਾਗਰਿਕਾਂ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ 'ਤੇ ਧਿਆਨ ਦਿਤਾ ਜਾਵੇਗਾ।
ਸੰਸਦੀ ਦਲ ਦੀ ਮੀਟਿੰਗ ਵਿਚ ਸਮਰਥਨ ਦੇਣ ਵਾਲੇ ਪ੍ਰਮੁੱਖ ਐਨਡੀਏ ਨੇਤਾਵਾਂ ਵਿਚ ਸੱਭ ਤੋਂ ਪਹਿਲਾ ਨਾਮ ਜਨਤਾ ਦਲ (ਸੈਕੂਲਰ) ਦੇ ਐਚਡੀ ਕੁਮਾਰਸਵਾਮੀ ਦਾ ਸੀ। ਇਸ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਨੇਤਾ ਐਨ ਚੰਦਰਬਾਬੂ ਨਾਇਡੂ ਅਤੇ ਫਿਰ ਜਨਤਾ ਦਲ (ਯੂਨਾਈਟਿਡ) ਦੇ ਨਿਤੀਸ਼ ਕੁਮਾਰ ਨੇ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ।
ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਸਮੇਤ ਐਨਡੀਏ ਦੇ ਹੋਰ ਹਲਕਿਆਂ ਦੇ ਨੇਤਾਵਾਂ ਨੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਚਿਰਾਗ ਪਾਸਵਾਨ, ਹਿੰਦੁਸਤਾਨ ਅਵਾਮ ਮੋਰਚਾ (ਸੈਕੂਲਰ) ਦੇ ਜੀਤਨ ਰਾਮ ਮਾਂਝੀ, ਅਪਨਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ ਅਤੇ ਜਨ ਸੈਨਾ ਪਾਰਟੀ ਦੇ ਪਵਨ ਕਲਿਆਣ ਸਮੇਤ ਹੋਰ ਨੇਤਾਵਾਂ ਨੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ।