ਮਸ਼ਹੂਰ ਹਰਿਆਣਵੀ ਡਾਂਸਰ ਤੇ ਕਲਾਕਾਰ ਸਪਨਾ ਚੌਧਰੀ ਹੋਈ ਭਾਜਪਾ ’ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਸਪਨਾ ਚੌਧਰੀ ਨੇ ਕੀਤੀ ਪਾਰਟੀ ਮੈਂਬਰਸ਼ਿਪ ਹਾਸਲ

Sapna Chaudhary

ਨਵੀਂ ਦਿੱਲੀ: ਹਰਿਆਣਵੀ ਡਾਂਸਰ ਅਤੇ ਕਲਾਕਾਰ ਸਪਨਾ ਚੌਧਰੀ ਨੇ ਆਖ਼ਿਰ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਐਤਵਾਰ ਨੂੰ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਸਪਨਾ ਚੌਧਰੀ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਨੋਜ ਤਿਵਾੜੀ ਅਤੇ ਹਰਸ਼ਵਰਧਨ ਸਮੇਤ ਕਈ ਵੱਡੇ ਭਾਜਪਾ ਆਗੂ ਮੌਜੂਦ ਰਹੇ।

ਸਪਨਾ ਚੌਧਰੀ ਤੋਂ ਇਲਾਵਾ ਦਿੱਲੀ 'ਚ ਡੀਸੀਪੀ ਰਹੀ ਐਲਐਨਰਾਓ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਵੀ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ। ਦੱਸਣਯੋਗ ਹੈ ਕਿ ਸਪਨਾ ਚੌਧਰੀ ਦੇ ਕਦੇ ਕਾਂਗਰਸ ਅਤੇ ਕਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੱਗਦੀਆਂ ਰਹੀਆਂ ਹਨ।

ਪਹਿਲਾਂ ਉਨ੍ਹਾਂ ਦੀਆਂ ਪ੍ਰਿਅੰਕਾ ਗਾਂਧੀ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ ਅਤੇ ਇਹ ਗੱਲ ਫੈਲੀ ਸੀ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਪਰ ਮਗਰੋਂ ਉਨ੍ਹਾਂ ਖ਼ੁਦ ਮੀਡੀਆ ਸਾਹਮਣੇ ਆ ਕੇ ਇਨ੍ਹਾਂ  ਖ਼ਬਰਾਂ ਦਾ ਖੰਡਨ ਕੀਤਾ ਸੀ। ਉਸ ਤੋਂ ਬਾਅਦ ਸਪਨਾ ਚੌਧਰੀ ਨੇ ਦਿੱਲੀ ’ਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਲਈ ਵੋਟ ਵੀ ਮੰਗੀ ਸੀ। ਉਹ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੇ ਰੋਡ ਸ਼ੋਅ ’ਚ ਵੀ ਨਜ਼ਰ ਆਈ ਸੀ। ਇਸ ਤੋਂ ਬਾਅਦ ਕਿਆਸ ਲੱਗਣ ਲੱਗੇ ਸੀ ਕਿ ਸਪਨਾ ਚੌਧਰੀ ਭਾਜਪਾ ’ਚ ਸ਼ਾਮਲ ਹੋ ਸਕਦੀ ਹੈ।