ਲਦਾਖ਼ ਰੇੜਕਾ : ਪਹਿਲਾਂ ਵਾਲੀ ਸਥਿਤੀ ਦੀ ਬਹਾਲੀ 'ਤੇ ਜ਼ੋਰ ਕਿਉਂ ਨਹੀਂ ਦਿਤਾ ਗਿਆ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲਵਾਨ ਘਾਟੀ 'ਤੇ ਭਾਰਤ ਦੀ ਖੁਦਮੁਖਤਾਰੀ ਦਾ ਜ਼ਿਕਰ ਨਾ ਕਰਨ 'ਤੇ ਚੁਕਿਆ ਸਵਾਲ

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਰੇੜਕੇ ਵਿਚਾਲੇ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਲਈ ਸਹਿਮਤੀ ਬਣਨ ਦੇ ਸਬੰਧ ਵਿਚ ਸਵਾਲ ਕੀਤਾ ਕਿ ਸਰਕਾਰ ਵਲੋਂ ਪਹਿਲਾਂ ਵਾਲੀ ਜਿਉਂ ਦੀ ਤਿਉਂ ਸਥਿਤੀ ਬਹਾਲ ਕਰਨ 'ਤੇ ਜ਼ੋਰ ਕਿਉਂ ਨਹੀਂ ਦਿਤਾ ਗਿਆ ਅਤੇ ਸਰਕਾਰੀ ਬਿਆਨ ਵਿਚ ਗਲਵਾਨ ਘਾਟੀ 'ਤੇ ਭਾਰਤ ਦੀ ਖ਼ੁਦਮੁਖ਼ਤਾਰੀ ਦਾ ਜ਼ਿਕਰ ਕਿਉਂ ਨਹੀਂ?

ਉਨ੍ਹਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬਿਆਨਾਂ ਨੂੰ ਸਾਂਝਾ ਕਰਦਿਆਂ ਕਿਹਾ, 'ਦੇਸ਼ ਹਿੱਤ ਸੱਭ ਤੋਂ ਉਪਰ ਹੁੰਦਾ ਹੈ। ਭਾਰਤ ਸਰਕਾਰ ਦਾ ਫ਼ਰਜ਼ ਹੈ ਕਿ ਉਹ ਇਸ ਦੀ ਰਾਖੀ ਕਰੇ।'

ਕਾਂਗਰਸ ਆਗੂ ਨੇ ਸਵਾਲ ਕੀਤਾ, 'ਪਹਿਲਾਂ ਵਾਲੀ ਸਥਿਤੀ ਦੀ ਬਹਾਲੀ 'ਤੇ ਜ਼ੋਰ ਕਿਉਂ  ਨਹੀਂ ਦਿਤਾ ਗਿਆ? ਸਾਡੇ ਖੇਤਰ ਵਿਚ 20 ਨਿਹੱਥੇ ਜਵਾਨਾਂ ਦੀ ਹਤਿਆ ਨੂੰ ਚੀਨ ਨੂੰ ਸਹੀ ਠਹਿਰਾਉਣ ਕਿਉਂ ਦਿਤਾ ਗਿਆ?

ਗਲਵਾਨ ਘਾਟੀ 'ਤੇ ਸਾਡੀ ਖ਼ੁਦਮੁਖ਼ਤਾਰੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਜ਼ਿਕਰਯੋਗ ਹੈ ਕਿ ਤਣਾਅ ਘਟਾਉਣ ਲਈ ਚੀਨੀ ਫ਼ੌਜ ਨੇ ਸੋਮਵਾਰ ਨੂੰ ਪੂਰਬੀ ਲਦਾਖ਼ ਵਿਚ ਕੁੱਝ ਇਲਾਕਿਆਂ ਤੋਂ ਅਪਣੀ ਸੀਮਤ ਵਾਪਸੀ ਸ਼ੁਰੂ ਕਰ ਦਿਤੀ।

ਇਸ ਤੋਂ ਇਕ ਦਿਨ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਟੈਲੀਫ਼ੋਨ 'ਤੇ ਗੱਲ ਕੀਤੀ ਜਿਸ ਵਿਚ ਉਹ ਐਲਏਸੀ ਤੋਂ ਫ਼ੌਜੀਆਂ ਦੇ ਤੇਜ਼ੀ ਨਾਲ ਪਿੱਛੇ ਹਟਣ ਦੀ ਕਵਾਇਦ ਨੂੰ ਪੂਰਾ ਕਰਨ 'ਤੇ ਸਹਿਮਤ ਹੋਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।