ਲਦਾਖ ਵਿਚ ਹਿੰਸਕ ਝੜਪ, ਰਾਹੁਲ ਗਾਂਧੀ ਦਾ ਸਵਾਲ, ‘ਚੁੱਪ ਕਿਉਂ ਹਨ PM?’

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਵਿਚਕਾਰ ਲਦਾਖ ਦੀ ਗਲਵਾਨ ਘਾਟੀ ਵਿਚ LAC ‘ਤੇ ਹੋਈ ਹਿੰਸਕ ਝੜਪ ਤੋਂ ਬਾਅਦ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ।

Rahul Gandhi and PM Modi

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਲਦਾਖ ਦੀ ਗਲਵਾਨ ਘਾਟੀ ਵਿਚ LAC ‘ਤੇ ਹੋਈ ਹਿੰਸਕ ਝੜਪ ਤੋਂ ਬਾਅਦ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਸੀਮਾ ‘ਤੇ ਲਗਾਤਾਰ ਵਧਦੇ ਤਣਾਅ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ‘ਤੇ ਹਮਲਾ ਕੀਤਾ ਹੈ।

ਰਾਹੁਲ ਗਾਂਧੀ ਨੇ ਕਿਹਾ, ‘ਬਸ ਹੁਣ ਬਹੁਤ ਹੋਇਆ, ਅਸੀਂ ਸੱਚ ਜਾਣਨਾ ਹੈ ਕਿ ਆਖਿਰ ਕੀ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ‘ਤੇ ਚੁੱਪ ਕਿਉਂ ਹਨ?’ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪੀਐਮ ਮੋਦੀ ਚੁੱਪ ਕਿਉਂ ਹਨ? ਉਹ ਕਿਉਂ ਲੁਕ ਰਹੇ ਹਨ। ਬਸ ਬਹੁਤ ਹੋ ਗਿਆ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਹੋਇਆ ਹੈ। ਚੀਨ ਦੀ ਹਿੰਮਤ ਕਿਵੇਂ ਹੋਈ ਸਾਡੇ ਫੌਜੀਆਂ ਨੂੰ ਮਾਰਨ ਦੀ? ਉਹਨਾਂ ਦੀ ਹਿੰਮਤ ਕਿਵੇਂ ਹੋਈ ਸਾਡੀ ਜ਼ਮੀਨ ਲੈਣ ਦੀ?

ਦੱਸ ਦਈਏ ਕਿ ਸੋਮਵਾਰ ਦੇਰ ਰਾਤ ਲੱਦਾਖ ਦੀ ਗਲਵਾਨ ਘਾਟੀ ਵਿਚ ਅਸਲ ਕੰਟਰੋਲ ਲਾਈਨ (LAC) ‘ਤੇ ਗੱਲਬਾਤ ਕਰਨ ਗਏ ਭਾਰਤ ਦੇ ਫੌਜੀਆਂ ‘ਤੇ ਚੀਨੀ ਫੌਜੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਭਾਰਤੀ ਕਮਾਂਡਿੰਗ ਅਫਸਰ ਸਮੇਤ 20 ਫੌਜੀ ਸ਼ਹੀਦ ਹੋ ਗਏ। ਜਦਕਿ ਚੀਨ ਦੇ 43 ਫੌਜੀਆਂ ਦੀ ਮੌਤ ਦੱਸੀ ਜਾ ਰਹੀ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਦਿੱਲੀ ਵਿਚ ਬੈਠਕਾਂ ਦਾ ਦੌਰ ਤੇਜ਼ ਹੋ ਗਿਆ।

ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਸਮੇਤ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਦੀ ਬੈਠਕ ਹੋਈ, ਜਿਸ ਵਿਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਲ ਹੋਏ।ਭਾਰਤੀ ਫੌਜ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਫਿਲਹਾਲ ਜਿੱਥੇ ਝੜਪ ਹੋਈ, ਉੱਥੋਂ ਦੋਵੇਂ ਦੇਸ਼ਾਂ ਦੇ ਫੌਜੀ ਪਿੱਛੇ ਹਟ ਗਏ ਹਨ।