ਮਹਿਬੂਬਾ ਮੁਫ਼ਤੀ ਤੇ ਅਬਦੁੱਲਾ ਹਾਲੇ ਵੀ ਨਜ਼ਰਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਰਾਜਪਾਲ ਨੇ ਸੁਰੱਖਿਆ ਦੀ ਸਮੀਖਿਆ ਕੀਤੀ

Mehbooba Mufti & Omar Abdullah

ਸ੍ਰੀਨਗਰ : ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਰਾਜ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਹਾਲਾਤ ਕੁਲ ਮਿਲਾ ਕੇ ਤਸੱਲੀਬਖ਼ਸ਼ ਹਨ। ਰਾਜਭਵਨ ਦੇ ਬੁਲਾਰੇ ਨੇ ਦਸਿਆ ਕਿ ਰਾਜਭਵਨ ਵਿਚ ਸਮੀਖਿਆ ਬੈਠਕ ਕੀਤੀ ਗਈ। ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਚਾਲੂ ਹਨ, ਲੋਕ ਬਾਜ਼ਾਰਾਂ ਵਿਚ ਰੋਜ਼ਾਨਾ ਲੋੜਾਂ ਦੀਆਂ ਚੀਜ਼ਾਂ ਖ਼ਰੀਦ ਰਹੇ ਹਨ ਅਤੇ ਬਿਜਲੀ ਤੇ ਪਾਣੀ ਸਪਲਾਈ ਵੀ ਤਸੱਲੀਬਖ਼ਸ਼ ਹੈ। 

ਬੁਲਾਰੇ ਮੁਤਾਬਕ ਰਾਜਪਾਲ ਨੂੰ ਦਸਿਆ ਗਿਆ ਕਿ ਕਿਤਿਉਂ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਰਾਜਪਾਲ ਨੇ ਅਧਿਕਾਰੀਆਂ ਨੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਸ਼ਮੀਰ ਵਿਚ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਉਨ੍ਹਾਂ ਨੂੰ ਨੇੜਲੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਖੇਤਰ ਦੇ ਮੈਜਿਸਟਰੇਟ ਕੋਲ ਜਾਣਾ ਚਾਹੀਦਾ ਹੈ। ਉਧਰ, ਸੁਰੱਖਿਆ ਏਜੰਸੀਆਂ ਨੇ ਸਿਆਸੀ ਆਗੂਆਂ, ਕਾਰਕੁਨਾਂ ਸਮੇਤ 100 ਤੋਂ ਵੱਧ ਲੋਕਾਂ ਨੂੰ ਸ਼ਾਂਤੀ  ਲਈ ਖ਼ਤਰਾ ਹੋਣ ਦਾ ਹਵਾਲਾ ਦਿੰਦਿਆਂ ਗ੍ਰਿਫ਼ਤਾਰ ਕੀਤਾ ਹੈ।

ਸੀਨੀਅਰ ਅਧਿਕਾਰੀ ਨੇ ਦਸਿਆ ਕਿ 100 ਤੋਂ ਵੱਧ ਆਗੂ ਤੇ ਕਾਰਕੁਨ ਹਾਲੇ ਤਕ ਘਾਟੀ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਐਤਵਾਰ ਰਾਤ ਤੋਂ ਨਜ਼ਰਬੰਦ ਹਨ। ਉਨ੍ਹਾਂ ਨੂੰ ਸੋਮਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜੰਮੂ ਕਸ਼ਮੀਰ ਪੀਪਲਜ਼ ਕਾਨਫ਼ਰੰਸ ਦੇ ਨੇਤਾ ਸੱਜਾਦ ਲੋਨ ਅਤੇ ਇਮਰਾਨ ਅੰਸਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਗ੍ਰਿ੍ਰਫ਼ਤਾਰੀ ਦੇ ਹੁਕਮ ਮੈਜਿਸਟਰੇਟ ਨੇ ਦਿਤੇ ਸਨ।