ਕੋਰੋਨਾ ਨੇ ਤੋੜਿਆ ਮੱਧ ਵਰਗ ਲੋਕਾਂ ਦਾ ਲੱਕ, ਲੌਕਡਾਊਨ ਵਿਚ 15 ਫੀਸਦੀ ਆਮਦਨ ਦਾ ਨੁਕਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲਾਗੂ ਹੋਏ ਲੌਕਡਾਊਨ ਨੇ ਸਮਾਜ ਦੇ ਸਾਰੇ ਵਰਗਾਂ ‘ਤੇ ਪ੍ਰਭਾਵ ਪਾਇਆ ਹੈ।

Middle class incomes were worst hit by India’s harsh coronavirus lockdown

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲਾਗੂ ਹੋਏ ਲੌਕਡਾਊਨ ਨੇ ਸਮਾਜ ਦੇ ਸਾਰੇ ਵਰਗਾਂ ‘ਤੇ ਪ੍ਰਭਾਵ ਪਾਇਆ ਹੈ। ਹਾਲਾਂਕਿ ਸਰਵੇ ਵਿਚ ਖੁਲਾਸਾ ਹੋਇਆ ਹੈ ਕਿ ਇਸ ਲੌਕਡਾਊਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਸ਼ ਦੇ ਮੱਧ ਵਰਗ ਦੇ ਲੋਕਾਂ ‘ਤੇ ਪਿਆ ਹੈ। ਭਾਰਤੀ ਆਰਥਿਕਤਾ ਦੀ ਨਿਗਰਾਨੀ ਲਈ ਕੇਂਦਰ (ਸੀਐਮਆਈਈ) ਨੇ ਇਕ ਸਰਵੇ ਕੀਤਾ ਹੈ, ਜਿਸ ਵਿਚ ਪਤਾ ਚੱਲਿਆ ਹੈ ਕਿ ਅਪ੍ਰੈਲ-ਜੂਨ 2020 ਦੌਰਾਨ ਮੱਧ ਵਰਗ ਅਤੇ ਉੱਚ ਮਧ ਵਰਗ ਨੂੰ ਕਮਾਈ ਦੇ ਮਾਮਲੇ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ।

ਸਰਵੇ ਵਿਚ ਸੀਐਮਆਈਈ ਨੇ ਲੋਕਾਂ ਦੀ ਬੀਤੇ ਸਾਲ ਦੀ ਕਮਾਈ ਵਿਚ ਹੋਏ ਵਾਧੇ ਅਤੇ ਇਸ ਸਾਲ ਹੋਈ ਕਮਾਈ ਵਿਚ ਵਾਧੇ ਦੇ ਅਨੁਪਾਤ ਦਾ ਅਧਿਐਨ ਕੀਤਾ ਹੈ। ਸਰਵੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਮਾਸਿਕ ਆਮਦਨ 4000 ਰੁਪਏ ਤੋਂ ਘੱਟ ਸੀ, ਲੌਕਡਾਊਨ ਦੌਰਾਨ ਉਹਨਾਂ ਦੀ ਕਮਾਈ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਜਿਨ੍ਹਾਂ ਦੀ ਕਮਾਈ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ, ਉਹਨਾਂ ਦੀ ਕਮਾਈ ਵਿਚ ਇਕ ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਬੀਤੇ ਸਾਲ ਇਹ 14 ਫੀਸਦੀ ਸੀ।

ਅਪ੍ਰੈਲ-ਜੂਨ 2019 ਵਿਚ 5 ਲੱਖ ਰੁਪਏ ਸਲਾਨਾ ਜਾਂ ਇਸ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੇ ਅੱਧੇ ਤੋਂ ਜ਼ਿਆਦਾ ਲੋਕਾਂ ਦੀ ਕਮਾਈ ਵਿਚ ਵਾਧਾ ਹੋਇਆ ਸੀ ਪਰ ਇਸ ਸਾਲ ਲੌਕਡਾਊਨ ਦੇ ਚਲਦਿਆਂ ਇਸ ਵਿਚ 15 ਫੀਸਦੀ ਦੀ ਗਿਰਾਵਟ ਆਈ ਹੈ। 10 ਲੱਖ ਜਾਂ ਉਸ ਤੋਂ ਜ਼ਿਆਦਾ ਸਲਾਨਾ ਕਮਾਉਣ ਵਾਲੇ ਲੋਕਾਂ ਦੀ ਕਮਾਈ ਵਿਚ ਜ਼ਬਰਦਸਤ ਗਿਰਾਵਟ ਦੇਖੀ ਗਈ ਹੈ।

ਉੱਥੇ ਹੀ 18 ਤੋਂ 24 ਲੱਖ ਸਲਾਨਾ ਕਮਾਉਣ ਵਾਲੇ ਲੋਕਾਂ ਦੀ ਕਮਾਈ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਇਹ ਜ਼ਬਰਦਸਤ ਗਿਰਾਵਟ ਹੈ ਕਿਉਂਕਿ ਸਾਲ 2019 ਵਿਚ ਇਸ ਵਰਗ ਦੀ ਕਮਾਈ ਵਿਚ 65 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਭਾਰਤ ਦੇ ਉੱਚ ਵਰਗ, ਜਿਸ ਦੀ ਕਮਾਈ ਸਲਾਨਾ 36 ਲੱਖ ਰੁਪਏ ਤੋਂ ਜ਼ਿਆਦਾ, ਉਸ ਦੀ ਕਮਾਈ ਲੌਕਡਾਊਨ ਦੌਰਾਨ ਵਧੀ ਹੈ। ਹਾਲਾਂਕਿ ਲੌਕਡਾਊਨ ਦਾ ਅਸਰ ਇਹਨਾਂ ‘ਤੇ ਵੀ ਪਿਆ ਹੈ। ਸੀਐਮਆਈਈ ਅਨੁਸਾਰ ਲੌਕਡਾਊਨ ਦੌਰਾਨ ਈਪੀਐਫਓ ਦੇ ਕਰੀਬ 13 ਫੀਸਦੀ ਖਾਤਾਧਾਰਕਾਂ ਨੇ ਅਪਣਾ ਪੈਸਾ ਕਢਵਾਇਆ ਹੈ।