ਮਹਿੰਗੀ ਹੋਵੇਗੀ ਚਾਹ! ਲੌਕਡਾਊਨ ਤੇ ਬਾਰਸ਼ ਨਾਲ ਚਾਹ ਦੀ ਫਸਲ ਦਾ ਭਾਰੀ ਨੁਕਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਾਰ ਬਾਰਿਸ਼ ਵਿਚ ਚਾਹ ਦੀ ਚੁਸਕੀ ਮਹਿੰਗੀ ਪੈ ਸਕਦੀ ਹੈ।

Tea

ਨਵੀਂ ਦਿੱਲੀ: ਇਸ ਵਾਰ ਬਾਰਿਸ਼ ਵਿਚ ਚਾਹ ਦੀ ਚੁਸਕੀ ਮਹਿੰਗੀ ਪੈ ਸਕਦੀ ਹੈ। ਬਰਸਾਤ ਦੇ ਇਸ ਮੌਸਮ ਵਿਚ ਚਾਹ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਚਲਦਿਆਂ ਕਰੀਬ 20 ਕਰੋੜ ਕਿਲੋਗ੍ਰਾਮ ਫ਼ਸਲ ਬਰਬਾਦ ਹੋ ਗਈ ਹੈ। ਇਸ ਨਾਲ ਘਰੇਲੂ ਬਜ਼ਾਰ ਵਿਚ ਚੰਗੀ ਗੁਣਵੱਤਾ ਵਾਲੀ ਚਾਹ ਦੀਆਂ ਕੀਮਤਾਂ ਕਰੀਬ 100 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈਆਂ ਹਨ।

ਅਪ੍ਰੈਲ ਅਤੇ ਮਈ ਵਿਚ ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਲੌਕਡਾਊਨ ਅਤੇ ਅਸਮ ਵਿਚ ਬੇਮੌਸਮੀ ਬਾਰਿਸ਼ ਨਾਲ ਚਾਹ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਚਾਹ ਦੇ ਉਤਪਾਦਨ ਵਿਚ ਭਾਰੀ ਗਿਰਾਵਟ ਆਈ ਹੈ। ਇੰਡੀਅਨ ਟੀ ਐਸੋਸੀਏਸ਼ਨ (ITA) ਦੇ ਅਨੁਮਾਨ ਅਨੁਸਾਰ ਉੱਤਰ ਭਾਰਤ, ਅਸਮ ਅਤੇ ਉੱਤਰੀ ਬੰਗਾਲ ਵਿਚ ਇਸ ਸਾਲ ਜਨਵਰੀ ਤੋਂ ਜੂਨ ਦੌਰਾਨ ਪਿਛਲੇ ਸਾਲ ਦੀ ਤੁਲਨਾ ਵਿਚ ਚਾਹ ਦਾ ਉਤਪਾਦਨ 40 ਫੀਸਦੀ ਘਟਿਆ ਹੈ।

ਆਈਟੀਏ ਦੇ ਸਕੱਤਰ ਅਰਿਜੀਤ ਰਾਹਾ ਨੇ ਕਿਹਾ, ‘ਅਸੀਂ ਜੁਲਾਈ ਦੇ ਅੰਕੜਿਆਂ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਅਗਲੇ ਕੁਝ ਦਿਨਾਂ ਵਿਚ ਆਉਣਗੇ’। ਆਈਟੀਏ ਨੇ ਕਿਹਾ ਕਿ ਅਲੀਪੁਰਦੁਆਰ ਅਤੇ ਜਲਪਾਈਗੁੜੀ ਵਿਚ ਲੇਬਰ ਫੋਰਸ ਦੀ ਕਮੀ ਕਾਰਨ ਹਰੀਆਂ ਪੱਤੀਆਂ ਦੀ ਤੁੜਾਈ ਵਿਚ ਕਮੀ ਆ ਰਹੀ ਹੈ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਆਈਟੀਏ ਅਨੁਸਾਰ ਦੋ ਜ਼ਿਲ੍ਹਿਆਂ ਵਿਚ ਲਗਾਤਾਰ ਬਾਰਿਸ਼ ਨਾਲ ਬਾਗਾਨਾਂ ਵਿਚ ਗ੍ਰਿਡ ਬੰਦ ਹੋਣ ਦੀ ਸਮੱਸਿਆ ਰਹੀ, ਜਿਸ ਨਾਲ ਫਸਲ ਘਟੀ ਹੈ। ਕਲਕੱਤਾ ਟੀ ਟਰੇਡਰ ਐਸੋਸੀਏਸ਼ਨ (Calcutta Tea traders Association) ਦਾ ਕਹਿਣਾ ਹੈ ਕਿ ਲੌਕਡਾਊਨ ਅਤੇ ਬਾਰਿਸ਼ ਦੇ ਚਲਦਿਆਂ ਫ਼ਸਲ ਉਤਪਾਦਨ ਘੱਟ ਰਹਿਣ ਕਾਰਨ ਨਿਲਾਮੀ ਵਿਚ ਚਾਹ ਦੀਆਂ ਕੀਮਤਾਂ ਵਧ ਗਈਆਂ ਹਨ।

ਸੀਟੀਟੀਏ ਦੇ ਚੇਅਰਮੈਨ ਵਿਜੈ ਜਗਨਨਾਥ ਨੇ ਕਿਹਾ, ‘ਪਿਛਲੇ ਸਾਲ ਦੀ ਤੁਲਨਾ ਵਿਚ ਨਿਲਾਮੀ ਵਿਚ ਚਾਹ ਦੀਆਂ ਕੀਮਤਾਂ ਮਜ਼ਬੂਤ ਅਤੇ ਉਚਾਈ ‘ਤੇ ਹਨ’। ਉਹਨਾਂ ਨੇ ਕਿਹਾ ਕਿ ਉਦਯੋਗ ਨੂੰ ਕਰੀਬ 20 ਕਰੋੜ ਕਿਲੋਗ੍ਰਾਮ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ। ਉਹਨਾਂ ਕਿਹਾ ਕਿ ਘਰੇਲੂ ਬਜ਼ਾਰ ਵਿਚ ਚੰਗੀ ਗੁਣਵੱਤਾ ਵਾਲੀ ਚਾਹ ਦੀਆਂ ਕੀਮਤਾਂ ਕਰੀਬ 100 ਰੁਪਏ ਪ੍ਰਤੀ ਕਿਲੋਗ੍ਰਾਮ ਚੜ੍ਹ ਗਈਆਂ ਹਨ।