ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਸੰਸਦ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਟਵਿਟਰ ਬਾਇਓ ਵਿਚ ‘ਅਯੋਗ ਸੰਸਦ ਮੈਂਬਰ’ ਦੀ ਥਾਂ ਮੁੜ ਲਿਖਿਆ ‘ਮੈਂਬਰ ਆਫ਼ ਪਾਰਲੀਮੈਂਟ’

Rahul Gandhi back in Parliament

 

ਨਵੀਂ ਦਿੱਲੀ:  ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਸੰਸਦ ਪਹੁੰਚੇ, ਜਿਥੇ ਉਨ੍ਹਾਂ ਦੀ ਪਾਰਟੀ ਅਤੇ ਕੁੱਝ ਹੋਰ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ। ਸੰਸਦ ਭਵਨ ਪਹੁੰਚ ਕੇ ਰਾਹੁਲ ਗਾਂਧੀ ਨੇ ਪਹਿਲਾਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨਮਨ ਕੀਤਾ ਅਤੇ ਫਿਰ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਏ।

ਇਹ ਵੀ ਪੜ੍ਹੋ: ਟਵਿਟਰ ਪੋਸਟ ਕਾਰਨ ਨੌਕਰੀ ਜਾਣ ’ਤੇ ਐਲੋਨ ਮਸਕ ਕਰਨਗੇ ਮਦਦ; ਜਾਣੋ ਕਿਵੇਂ

ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਰਾਜ ਸਭਾ ਵਿਚ ਪਾਰਟੀ ਦੇ ਉਪ ਨੇਤਾ ਪ੍ਰਮੋਦ ਤਿਵਾੜੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਜੇ ਰਾਉਤ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਦੇ ਐਨ.ਕੇ. ਪ੍ਰੇਮਚੰਦਰਨ ਅਤੇ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ‘ਰਾਹੁਲ ਗਾਂਧੀ ਸੰਘਰਸ਼ ਕਰੋ, ਅਸੀਂ ਤੁਹਾਡੇ ਨਾਲ ਹਾਂ’ ਅਤੇ ‘ਰਾਹੁਲ ਗਾਂਧੀ ਜ਼ਿੰਦਾਬਾਦ’ ਦੇ ਨਾਅਰੇ ਲਾਏ।

ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

ਮੈਂਬਰਸ਼ਿਪ ਬਹਾਲੀ ਤੋਂ ਬਾਅਦ ਰਾਹੁਲ ਗਾਂਧੀ ਨੇ ਅਪਣਾ ਟਵਿਟਰ ਪ੍ਰੋਫਾਈਲ ਵੇਰਵਾ ਬਦਲ ਕੇ ਸੰਸਦ ਮੈਂਬਰ ਕਰ ਦਿਤਾ। ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਉਨ੍ਹਾਂ ਨੇ ‘ਡਿਸਕਲੀਫਾਈਡ ਐਮ.ਪੀ.’ (‘ਅਯੋਗ ਸੰਸਦ ਮੈਂਬਰ’) ਲਿਖਿਆ ਸੀ।

ਦੱਸ ਦੇਈਏ ਕਿ ਸੁਪ੍ਰੀਮ ਕੋਰਟ ਵਲੋਂ ਸ਼ੁਕਰਵਾਰ ਨੂੰ 'ਮੋਦੀ ਸਰਨੇਮ' ਮਾਮਲੇ 'ਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ 'ਤੇ ਰੋਕ ਲਗਾਉਣ ਤੋਂ ਬਾਅਦ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿਤੀ ਗਈ। ਇਸ ਸਬੰਧੀ ਲੋਕ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ।