ਹਿੰਦੀ ਵਿੱਚ ਹੋਵੇਗੀ ਮੈਡੀਕਲ ਦੀ ਪੜ੍ਹਾਈ, ਅਮਿਤ ਸ਼ਾਹ ਕਰਨਗੇ ਪ੍ਰੋਜੈਕਟ ਦੀ ਸ਼ੁਰੂਆਤ
ਮਾਹਿਰਾਂ ਦੀ ਟੀਮ ਵੱਲੋਂ ਇਨ੍ਹਾਂ ਕਿਤਾਬਾਂ ਦਾ ਦੂਜਾ ਭਾਗ ਤਿਆਰ ਕੀਤਾ ਜਾ ਰਿਹਾ ਹੈ।
ਭੋਪਾਲ - ਮੱਧ ਪ੍ਰਦੇਸ਼ ਦੇ ਇੱਕ ਸੀਨੀਅਰ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 16 ਅਕਤੂਬਰ ਨੂੰ ਇੱਥੇ ਇੱਕ ਸਮਾਰੋਹ ਵਿੱਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਹਿੰਦੀ ਵਿੱਚ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੇ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਸੂਬੇ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਮੋਤੀ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੈਡੀਕਲ ਸਿੱਖਿਆ ਦੇ ਹਿੰਦੀ ਸਿਲੇਬਸ ਦੀਆਂ ਪਾਠ-ਪੁਸਤਕਾਂ ਦਾ ਉਦਘਾਟਨ ਕਰਨਗੇ।
ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਮਾਤ-ਭਾਸ਼ਾ ਦੇ ਸਨਮਾਨ ਨੂੰ ਸਥਾਪਿਤ ਕਰਨ, ਅਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦਾ ਇੱਕ ਇਤਿਹਾਸਕ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਿਸਾਲ ਸਾਬਤ ਕੀਤੀ ਜਾਵੇਗੀ ਕਿ ਵਿਸ਼ੇਸ਼ ਵਿਸ਼ੇ ਹਿੰਦੀ ਵਿੱਚ ਵੀ ਪੜ੍ਹਾਏ ਜਾ ਸਕਦੇ ਹਨ, ਨਾ ਕਿ ਸਿਰਫ਼ ਅੰਗਰੇਜ਼ੀ ਵਿੱਚ।
ਚੌਹਾਨ ਨੇ ਅੱਗੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਸੂਬੇ ਅੰਦਰ ਮੈਡੀਕਲ ਸਿੱਖਿਆ ਤੋਂ ਇਲਾਵਾ ਇੰਜੀਨੀਅਰਿੰਗ, ਨਰਸਿੰਗ ਅਤੇ ਪੈਰਾ-ਮੈਡੀਕਲ ਕੋਰਸਾਂ ਦੀ ਪੜ੍ਹਾਈ ਵੀ ਹਿੰਦੀ ਵਿੱਚ ਕਰਵਾਈ ਜਾਵੇਗੀ। ਸਿਲੇਬਸ ਬਾਰੇ ਬੋਲਦਿਆਂ ਸੂਬੇ ਦੇ ਮੈਡੀਕਲ ਸਿੱਖਿਆ ਮੰਤਰੀ ਸਾਰੰਗ ਨੇ ਕਿਹਾ, "ਫਿਜ਼ਿਓਲੋਜੀ, ਬਾਇਓਕੈਮਿਸਟਰੀ ਅਤੇ ਐਨਾਟੋਮੀ ਵਰਗੇ ਵਿਸ਼ਿਆਂ ਲਈ ਕਿਤਾਬਾਂ ਦਾ ਪਹਿਲਾ ਭਾਗ ਤਿਆਰ ਹੈ ਅਤੇ ਇਹ ਕਿਤਾਬਾਂ ਐਮਬੀਬੀਐਸ ਦੇ ਪਹਿਲੇ ਸਾਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ।" ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਟੀਮ ਵੱਲੋਂ ਇਨ੍ਹਾਂ ਕਿਤਾਬਾਂ ਦਾ ਦੂਜਾ ਭਾਗ ਤਿਆਰ ਕੀਤਾ ਜਾ ਰਿਹਾ ਹੈ।
“ਕਿਤਾਬਾਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ ਕਿ ਤਕਨੀਕੀ ਸ਼ਬਦ ਜਿਵੇਂ ਕਿ ਬਲੱਡ ਪ੍ਰੈਸ਼ਰ, ਰੀੜ੍ਹ ਦੀ ਹੱਡੀ, ਦਿਲ, ਗੁਰਦਾ ਅਤੇ ਜਿਗਰ ਜਾਂ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ ਆਦਿ ਬਾਰੇ ਸ਼ਬਦ ਹਿੰਦੀ ਵਿੱਚ ਉਸੇ ਤਰੀਕੇ ਨਾਲ ਲਿਖੇ ਗਏ ਹਨ, ਜਿਵੇਂ ਉਨ੍ਹਾਂ ਦਾ ਉਚਾਰਨ ਅੰਗਰੇਜ਼ੀ ਵਿੱਚ ਕੀਤਾ ਜਾਂਦਾ ਹੈ।”ਸਾਰੰਗ ਨੇ ਕਿਹਾ।