ਆਈਆਈਟੀ ਪਟਨਾ ਨੇ ਬਣਾਈ 150 ਕਿਲੋ ਤੱਕ ਭਾਰ ਚੁੱਕਣ ਵਾਲੀ ਸਾਈਕਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੀੜ-ਭਾੜ ਵਾਲੇ ਇਲਾਕਿਆਂ ਵਿਚ ਇਹ ਸਾਈਕਲ ਬਾਈਕ ਦਾ ਸਸਤਾ ਵਿਕਲਪ ਸਾਬਿਤ ਹੋ ਸਕਦੀ ਹੈ।

Modified cycle

ਪਟਨਾ, ( ਭਾਸ਼ਾ ) : ਆਈਆਈਟੀ ਪਟਨਾ ਵੱਲੋਂ ਸਾਧਾਰਨ ਸਾਈਕਲ ਵਿਚ ਤਬਦੀਲੀ ਕਰਕੇ ਇਲੈਕਟ੍ਰਿਕਲ ਮਾਡਲ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 25 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਸਾਈਕਲ 150 ਕਿਲੋ ਤੱਕ ਦਾ ਭਾਰ ਚੁੱਕ ਸਕਦੀ ਹੈ। ਇਹ ਪੈਡਲ ਅਤੇ ਬੈਟਰੀ ਦੋਹਾਂ ਨਾਲ ਚਲਾਈ ਜਾ ਸਕਦੀ ਹੈ। ਆਈਆਈਟੀ ਪਟਨਾ ਇਸ ਦੇ ਮਾਡਲ ਨੂੰ ਪੇਟੇਂਟ ਕਰਵਾਉਣ ਲਈ ਅਰਜ਼ੀ ਦੇਣ ਦੀ ਤਿਆਰੀ ਵਿਚ ਹੈ। ਭੀੜ-ਭਾੜ ਵਾਲੇ ਇਲਾਕਿਆਂ ਵਿਚ ਇਹ ਸਾਈਕਲ ਬਾਈਕ ਦਾ ਸਸਤਾ ਵਿਕਲਪ ਸਾਬਿਤ ਹੋ ਸਕਦੀ ਹੈ।

ਇਲੈਕਟ੍ਰਿਕਲ ਵਿਭਾਗ ਦੇ ਮੁਖੀ ਡਾ. ਆਰਕੇ ਬੇਹਰਾ ਨੇ ਦੱਸਿਆ ਕਿ ਇਸ ਦਾ ਪ੍ਰਯੋਗ ਕਾਮਯਾਬ ਰਿਹਾ ਹੈ। ਇਸ ਵਿਚ ਉੱਚ ਸਮਰਥਾ ਵਾਲਾ ਮੋਟਰ ਲਗਾ ਹੈ। ਇਸ ਲਈ ਉਚਾਈ 'ਤੇ ਵੀ ਇਹ ਅਸਾਨੀ ਨਾਲ ਚੜ ਸਕਦੀ ਹੈ। ਇਸ ਵਿਚ ਬ੍ਰੇਕ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਤੇਜ਼ ਗਤੀ ਹੋਣ 'ਤੇ ਵੀ ਇਸ ਨੂੰ ਅਸਾਨੀ ਨਾਲ ਰੋਕਿਆ ਜਾ ਸਕੇ। ਅਗਲੇ ਦੋ ਤੋਂ ਤਿੰਨ ਮਹੀਨੇ ਵਿਚ ਇਸ ਨੂੰ ਲਾਂਚ ਕਰਨ ਦੀ ਤਿਆਰੀ ਚਲ ਰਹੀ ਹੈ। ਇਸ ਲਈ ਸਾਈਕਲ ਕੰਪਨੀਆਂ ਨਾਲ ਗੱਲ ਵੀ ਚਲ ਰਹੀ ਹੈ। ਕੇਂਦਰ ਦੇ ਇਲੈਕਟ੍ਰਿਕਲ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਹ ਸਾਈਕਲ ਤਿਆਰ ਕੀਤੀ ਹੈ।

ਇਸ ਨੂੰ ਤਿਆਰ ਕਰਨ ਵਾਲੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਅਜਿਹੀ ਹਾਈਬ੍ਰਿਡ ਸਾਈਕਲ ਤਿਆਰ ਕਰਨ ਦਾ ਵਿਚਾਰ ਆਇਆ। ਇਹ ਸਾਈਕਲ ਭਾਰਤੀ ਸੜਕਾਂ ਦੇ ਅਨੁਕੂਲ ਹੈ। ਵਿਦੇਸ਼ੀ ਈ-ਸਾਈਕਲ ਦੀ ਕੀਮਤ 30 ਤੋਂ 40 ਹਜ਼ਾਰ ਹੁੰਦੀ ਹੈ ਪਰ ਇਸ ਦੀ ਕੀਮਤ 10 ਤੋਂ 12 ਹਜ਼ਾਰ ਹੋਵੇਗੀ।

ਇਸ ਸਾਈਕਲ ਵਿਚ 24 ਵਾਟ ਦੀ ਬੈਟਰੀ, 350 ਆਰਪੀਐਮ ਸਮਰਥਾ ਵਾਲੀ ਮੋਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਾਈਕਲ ਵਿਚ ਮਕੈਨੀਕਲ ਬ੍ਰੇਕਿੰਗ ਪ੍ਰਣਾਲੀ ਵਰਤੀ ਗਈ ਹੈ। ਇਸ ਵਿਚ ਬ੍ਰੇਕ ਲਗਾਉਣ ਲਈ ਸਵਿਚ ਸਿਸਟਮ ਕੰਮ ਕਰੇਗਾ। ਇਸ ਦੀ ਬੈਟਰੀ ਵੀ ਆਟੋਮੈਟਿਕ ਚਾਰਜ ਹੋਵੇਗੀ। ਸਾਈਕਲ ਨੂੰ ਢਲਾਣ 'ਤੇ ਤੇਜ ਗਤੀ ਨਾਲ ਚਲਾਉਣ ਨਾਲ ਇਹ ਅਪਣੇ ਆਪ ਚਾਰਜ ਹੋ ਜਾਵੇਗੀ। ਇਕ ਵਾਰ ਚਾਰਜ ਹੋਣ ਤੇ ਇਸ ਨੂੰ 50 ਕਿਲੋਮੀਟਰ ਤਕ ਚਲਾਇਆ ਜਾ ਸਕੇਗਾ।