ਜਾਣੋ ਕਿਉਂ ਹੈਲਮੇਟ ਪਾ ਕੇ ਬੱਸ ਚਲਾ ਰਹੇ ਡਰਾਇਵਰ? ਪੜ੍ਹੋ ਪੂਰੀ ਖ਼ਬਰ
ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਖਿਲਾਫ ਅੱਜ ਟਰੇਡ ਯੂਨੀਅਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਖਿਲਾਫ ਅੱਜ ਟਰੇਡ ਯੂਨੀਅਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਬੁੱਧਵਾਰ ਸਵੇਰ ਤੋਂ ਹੀ ਭਾਰਤ ਬੰਦ ਦਾ ਅਸਰ ਦਿਖਣ ਲੱਗਿਆ ਹੈ। ਬੰਗਾਲ ਵਿਚ ਪ੍ਰਦਰਸ਼ਨ ਦੇ ਹਾਲਾਤਾਂ ਨੂੰ ਦੇਖਦੇ ਹੋਏ ਬੱਸ ਡਰਾਇਵਰ ਵੀ ਚੋਕੰਨੇ ਹਨ। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵੱਡੇ ਸ਼ਹਿਰਾਂ ਵਿਚ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਟਰੇਡ ਯੂਨੀਅਨਾਂ ਨੇ ਦਾਅਵਾ ਕੀਤਾ ਗਿਆ ਸੀ ਕਿ ਇਸ ਹੜਤਾਲ ਵਿਚ 25 ਕਰੋੜ ਲੋਕ ਸ਼ਾਮਲ ਹੋਣਗੇ। ਸਿਲੀਗੁੜੀ ਵਿਚ ਬੱਸਾਂ ਦੇ ਡਰਾਇਵਰ ਹੈਲਮੇਟ ਪਹਿਨ ਕੇ ਬੱਸ ਚਲਾ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਬਚਿਆ ਜਾ ਸਕੇ। ਦੱਸ ਦਈਏ ਬੀਤੇ ਦਿਨੀਂ ਦੇਸ਼ ਵਿਚ ਕਈ ਥਾਵਾਂ ‘ਤੇ ਪ੍ਰਦਰਸ਼ਨਾ ਵਿਚ ਹਿੰਸਕ ਵਿਰੋਧ ਦੇਖਣ ਨੂੰ ਮਿਲਿਆ ਹੈ।
ਭਾਰਤ ਬੰਦ ਦਾ ਅਸਰ ਸਭ ਤੋਂ ਜ਼ਿਆਦਾ ਬੰਗਾਲ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਜਿਨ੍ਹਾਂ ਟਰੇਡ ਯੂਨੀਅਨਾਂ ਵੱਲੋਂ ਬੰਦ ਬੁਲਾਇਆ ਜਾ ਰਿਹਾ ਹੈ ਉਹਨਾਂ ਵਿਚ ਜ਼ਿਆਦਾਤਰ ਖੱਬੇਪੱਖੀ ਪਾਰਟੀਆਂ ਨਾਲ ਸਬੰਧਤ ਹਨ। ਇਹੀ ਕਾਰਨ ਹੈ ਕਿ ਬੰਗਾਲ ਵਿਚ ਇਸ ਦਾ ਜ਼ਿਆਦਾ ਅਸਰ ਦਿਖ ਰਿਹਾ ਹੈ। ਦਰਅਸਲ ਟਰੇਡ ਯੂਨੀਅਨਾਂ ਨੇ ਕਿਹਾ ਸੀ ਕਿ ਕਿਰਤ ਮੰਤਰਾਲਾ ਹੁਣ ਤਕ ਮਜ਼ਦੂਰਾਂ ਨੂੰ ਉਨ੍ਹਾਂ ਦੀ ਕਿਸੇ ਵੀ ਮੰਗ 'ਤੇ ਭਰੋਸਾ ਦੇਣ ਵਿਚ ਅਸਫ਼ਲ ਰਿਹਾ ਹੈ।
ਕਿਰਤ ਮੰਤਰਾਲੇ ਨੇ 2 ਜਨਵਰੀ, 2020 ਨੂੰ ਇਕ ਮੀਟਿੰਗ ਸੱਦੀ ਸੀ। ਜ਼ਿਕਰਯੋਗ ਹੈ ਕਿ ਆਈਐਨਟੀਯੂਸੀ, ਏਆਈਟੀਯੂਸੀ, ਐਚਐਮਐਸ, ਸੀਟੂ, ਏਆਈਯੂਟੀਯੂਸੀ, ਟੀਯੂਸੀਸੀ, ਸੇਵਾ, ਏਆਈਸੀਟੀਯੂ, ਐਲਪੀਐਫ, ਯੂਟੀਯੂਸੀ ਸਮੇਤ ਪਿਛਲੇ ਸਾਲ ਸਤੰਬਰ ਵਿਚ 8 ਜਨਵਰੀ 2020 ਨੂੰ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਕਿਸਾਨ ਸ਼ਹਿਰੀ ਖੇਤਰਾਂ ਅੰਦਰ ਕਿਸੇ ਤਰ੍ਹਾਂ ਦੀ ਵੀ ਸਪਲਾਈ ਨਹੀਂ ਕਰਨਗੇ ਇਸ ਲਈ ਅੱਜ ਦਾ ਦਿਨ ਸ਼ਹਿਰੀ ਆਬਾਦੀ 'ਤੇ ਭਾਰੂ ਰਹਿ ਸਕਦਾ ਹੈ। ਇਸ ਦੇ ਨਾਲ ਹੀ ਅੱਜ ਬੈਂਕ ਸੇਵਾਵਾਂ ਵੀ ਬੰਦ ਦੱਸੀਆਂ ਜਾ ਰਹੀਆਂ ਹਨ।