ਪੰਜਾਬ-ਹਰਿਆਣਾ, ਦਿੱਲੀ 'ਚ ਬਾਰਿਸ਼ ਤੇ ਹਿਮਾਚਲ 'ਚ ਬਰਫ਼ਬਾਰੀ ਨੇ ਠਾਰੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਮਲਾ 'ਚ ਨਵੇਂ ਸਾਲ ਦੀ ਦੂਜੀ ਬਰਫਬਾਰੀ 

File

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚਾਈ 'ਤੇ ਸਥਿਤ ਸ਼ਿਮਲਾ, ਮਨਾਲੀ ਅਤੇ ਕੁਫਰੀ ਸਮੇਤ ਕਈ ਇਲਾਕਿਆਂ ਵਿਚ ਬਰਫ ਪੈ ਰਹੀ ਹੈ। ਬਰਫਬਾਰੀ ਕਾਰਨ ਇੱਥੇ ਆਏ ਸੈਲਾਨੀਆਂ ਦੇ ਚਿਹਰਿਆਂ 'ਤੇ ਜਿਥੇ ਰੌਣਕ ਆ ਗਈ ਉਥੇ ਹੀ ਆਵਾਜਾਈ 'ਚ ਰੁਕਾਵਟ ਵੀ ਪੈਦਾ ਹੋਈ। ਮੌਸਮ ਵਿਭਾਗ ਨੇ ਦੱਸਿਆ ਕਿ ਬਰਫ ਡਿੱਗਣ ਕਾਰਨ ਪੂਰੇ ਸੂਬੇ ਵਿਚ ਲੱਗਭਗ 100 ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ ਦੀ ਸਫਾਈ ਦਾ ਕੰਮ ਜਾਰੀ ਹੈ। ਇਹ ਇਸ ਮੌਸਮ ਦੀ ਤੀਜੀ ਬਰਫਬਾਰੀ ਹੈ ਅਤੇ ਸ਼ਿਮਲਾ 'ਚ ਨਵੇਂ ਸਾਲ ਦੀ ਦੂਜੀ ਬਰਫਬਾਰੀ ਹੈ। 

ਅੱਜ ਕੇਯਲਾਂਗ, ਕਾਲਪਾ, ਸ਼ਿਮਲਾ ਅਤੇ ਮਨਾਲੀ ਵਿਚ ਬਰਫਬਾਰੀ ਹੋਈ ਹੈ। ਸੂਬੇ ਦੇ ਕਈ ਹੋਰ ਇਲਾਕਿਆਂ ਵਿਚ ਬਾਰਿਸ਼ ਪਈ ਹੈ। ਸ਼ਿਮਲਾ, ਮਨਾਲੀ, ਡਲਹੌਜੀ, ਕੁਫਰੀ, ਕੇਯਲਾਂਗ ਅਤੇ ਕਾਲਪਾ 'ਚ ਤਾਪਮਾਨ 0 ਤੋਂ ਹੇਠਾਂ ਚੱਲਾ ਗਿਆ। 0 ਤੋਂ ਹੇਠਾਂ 7 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੇਯਲਾਂਗ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ। ਬਰਫਬਾਰੀ ਦੇ ਇਸ ਮੌਸਮ ਵਿਚ ਲੋਕ ਘੁੰਮਣ ਲਈ ਪਹਾੜੀ ਸੂਬਿਆਂ ਦਾ ਰੁਖ਼ ਕਰਦੇ ਹਨ। ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਪੁੱਜੇ ਹਨ।

ਦੱਸ ਦਈਏ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਧੇਰੇ ਹਿੱਸੀਆਂ 'ਚ ਮੰਗਲਵਾਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਕਾਰਣ ਕਈ ਥਾਈਂ ਤਾਪਮਾਨ ਆਮ ਨਾਲੋਂ ਵੀ ਘੱਟ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਅੰਬਾਲਾ 'ਚ ਘੱਟੋ-ਘੱਟ ਤਾਪਮਾਨ 10.2 ਸੈਲਸੀਅਸ ਦਰਜ ਕੀਤਾ ਗਿਆ।

ਇਹ ਆਮ ਨਾਲੋਂ 4 ਡਿਗਰੀ ਵੱਧ ਹੈ। ਅੰਮ੍ਰਿਤਸਰ 'ਚ 8.6, ਲੁਧਿਆਣਾ 'ਚ 9.8, ਪਟਿਆਲਾ 'ਚ 10.2, ਪਠਾਨਕੋਟ 'ਚ 10.3, ਜਲੰਧਰ ਨੇੜੇ ਆਦਮਪੁਰ 'ਚ 10.2, ਹਲਵਾਰਾ 'ਚ 9.6, ਬਠਿੰਡਾ 'ਚ 9.2, ਫਰੀਦਕੋਟ 'ਚ 9.4 ਅਤੇ ਗੁਰਦਾਸਪੁਰ 'ਚ 7.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਇਹ ਤਾਪਮਾਨ 11.1 ਸੀ। ਸ਼ਿਮਲਾ ਅਤੇ ਮਨਾਲੀ 'ਚ ਮੰਗਲਵਾਰ ਹੋਰ ਬਰਫਬਾਰੀ ਹੋਈ, ਜਿਸ ਕਾਰਣ ਪਾਰਾ ਹੋਰ ਵੀ ਹੇਠਾਂ ਡਿੱਗ ਪਿਆ।

ਸ਼ਿਮਲਾ ਦੇ ਨਾਲ ਲੱਗਦੇ ਕੁਫਰੀ, ਫਾਗੂ ਅਤੇ ਨਾਰਕੰਢਾ 'ਚ ਦਰਮਿਆਨੀ ਬਰਫਬਾਰੀ ਹੋਈ। ਸ਼ਿਮਲਾ 'ਚ ਮੰਗਲਵਾਰ ਸ਼ਾਮ ਤੱਕ 14 ਸੈਂਟੀਮੀਟਰ ਬਰਫ ਪੈ ਚੁੱਕੀ ਹੈ। ਮੀਂਹ ਪੈਣ ਕਾਰਣ ਕਈ ਥਾਵਾਂ 'ਤੇ ਬਰਫ ਜਲਦੀ ਹੀ ਪਿਘਲ ਗਈ। ਸ਼ਿਮਲਾ ਤੋਂ 250 ਕਿਲੋਮੀਟਰ ਦੂਰ ਮਨਾਲੀ ਦੇ ਸੋਲਾਂਗ ਵਿਖੇ ਵੀ ਭਾਰੀ ਬਰਫਬਾਰੀ ਹੋਈ। ਮਨਾਲੀ ਤੋਂ 52 ਕਿਲੋਮੀਟਰ ਦੂਰ ਰੋਹਤਾਂਗ ਦੱਰੇ 'ਤੇ ਸ਼ਾਮ ਤੱਕ ਬਰਫਬਾਰੀ ਜਾਰੀ ਸੀ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ ਮਨਫੀ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।