ਮੰਗੂ ਮੱਠ ਢਾਹੇ ਜਾਣ ਦਾ ਮਾਮਲਾ, ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤੀ ਹੁਕਮਾਂ ਦੇ ਬਾਵਜੂਦ ਮੰਗੂ ਮੱਠ ਢਾਹੇ ਜਾਣ 'ਤੇ ਪੁਰੀ ਜ਼ਿਲ੍ਹਾ ਕੁਲੈਕਟਰ ਵਿਰੁਧ ਅਦਾਲਤੀ ਮਾਣਹਾਨੀ ਦੀ ਕਾਰਵਾਈ ਦੀ ਮੰਗ

Supreme Court

ਮੱਠ ਵਿਚ ਗੁਰੂ ਗ੍ਰੰਥ ਸਾਹਿਬ ਦੇ ਮੁੜ ਪ੍ਰਕਾਸ਼ ਅਤੇ ਸਮੁੱਚੀ ਜ਼ਮੀਨ ਸਿੱਖਾਂ ਹਵਾਲੇ ਕਰਨ ਦੀ ਕਰਾਂਗੇ ਮੰਗ : ਐਡਵੋਕੇਟ ਲੂੰਬਾ

ਚੰਡੀਗੜ੍ਹ(ਨੀਲ ਭਲਿੰਦਰ ਸਿੰਘ) : ਉੜੀਸਾ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਢਾਹੇ ਜਾਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅੱਜ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਹ ਸੁਣਵਾਈ ਇਸ ਪੱਖੋਂ ਅਹਿਮ ਹੈ ਕਿ ਅਕਤੂਬਰ ਮਹੀਨੇ ਵਿਚ ਸੁਪਰੀਮ ਕੋਰਟ 'ਚ ਮੱਠ ਨਾ ਢਾਹੇ ਜਾਣ ਦਾ ਭਰੋਸਾ ਦੇ ਚੁਕੀ ਉੜੀਸਾ ਸਰਕਾਰ ਇਸੇ ਦੌਰਾਨ ਮੱਠ ਢਾਹ ਚੁੱਕੀ ਹੈ।

ਸੁਪਰੀਮ ਕੋਰਟ ਵਿਚ ਇਹ ਕੇਸ ਚੁਕਣ ਵਾਲੇ ਅਜਮੇਰ ਸਿੰਘ ਰੰਧਾਵਾ ਤੇ ਯੂਨਾਈਟਿਡ ਸਿੰਘਜ਼ ਨਾਮੀ ਸੰਸਥਾ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ 'ਸਪੋਕਸਮੈਨ ਟੀ ਵੀ' ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਇਸ ਸਬੰਧ ਵਿਚ ਇਕ ਤਾਂ ਜਗਨਨਾਥ ਪੁਰੀ ਦੇ ਜ਼ਿਲ੍ਹਾ ਕੁਲੈਕਟਰ ਬਲਵੰਤ ਸਿੰਘ ਰਾਠੌੜ ਵਿਰੁਧ ਮਾਣਹਾਨੀ ਪਟੀਸ਼ਨ ਦਾਇਰ ਕਰਨ ਜਾ ਰਹੇ ਹਨ।

ਦੂਜਾ ਉਹ ਸੁਪਰੀਮ ਕੋਰਟ ਤੋਂ ਮੰਗੂ ਮੱਠ ਦੀ ਦੇਵ ਸਥਲੀ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਮੁੜ ਪ੍ਰਕਾਸ਼ ਕਰਨ ਦੇਣ ਦੀ ਮੰਗ ਜ਼ੋਰ ਦੇ ਕੇ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੰਗੂ ਮੱਠ ਨਾਲ ਸਬੰਧਤ ਨਾਜਾਇਜ਼ ਉਸਾਰੀਆਂ ਢਾਹ ਕੇ ਖ਼ਾਲੀ ਕੀਤੀ ਗਈ 12 ਹਜ਼ਾਰ ਸੁਕੇਅਰ ਫ਼ੁੱਟ ਦੇ ਕਰੀਬ ਦੀ ਥਾਂ ਸਿੱਖ ਸੰਗਤ ਦੇ ਹਵਾਲੇ ਕੀਤੀ ਜਾਵੇ, ਤਾਂ ਜੋ ਉੱਥੇ ਬਕਾਇਦਾ ਤੌਰ 'ਤੇ ਗੁਰਦਵਾਰਾ ਸਾਹਿਬ ਸਥਾਪਤ ਕਰ ਕੇ ਹੋਰ ਸਰਾਂ ਲੰਗਰ ਅਤੇ ਸਤਿਸੰਗ ਕੀਰਤਨ ਦੇ ਪ੍ਰਬੰਧ ਕੀਤੇ ਜਾਣ।

ਐਡਵੋਕੇਟ ਲੂੰਬਾ ਨੇ ਕਿਹਾ ਕਿ ਜ਼ਿਲ੍ਹਾ ਕਲੈਕਟਰ ਦੇ ਪੱਧਰ 'ਤੇ ਸ਼ਰੇਆਮ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਉਨ੍ਹਾਂ ਵਿਰੁਧ ਹੱਤਕ ਦੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਪਿਛਲੀ ਤਰੀਕ 'ਤੇ ਵੀ ਸੁਪਰੀਮ ਕੋਰਟ ਨੇ ਉੜੀਸਾ ਸਰਕਾਰ ਦੀ ਕਾਫ਼ੀ ਖਿਚਾਈ ਕੀਤੀ ਸੀ।

ਸਰਬਉੱਚ ਅਦਾਲਤ ਦੇ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸਪਸ਼ਟ ਕਿਹਾ ਸੀ ਕਿ ਪੁਰੀ ਦੇ ਜਗਨਨਾਥ ਮੰਦਰ ਦੇ ਆਲੇ-ਦੁਆਲੇ ਸਥਿਤ ਇਤਿਹਾਸਕ ਮੱਠਾਂ ਨੂੰ ਢਾਹੁਣ ਤੋਂ ਪਹਿਲਾਂ ਹਿੰਦੂ ਸੰਤਾਂ ਅਤੇ ਪ੍ਰਭਾਵਤ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਸੀ ਕਿ ਰਾਜ ਸਰਕਾਰ ਮੰਦਰ ਦੇ ਆਲੇ-ਦੁਆਲੇ ਸਥਿਤ ਇਤਿਹਾਸਕ ਢਾਂਚਿਆਂ ਨੂੰ ਜ਼ਰੂਰ ਸੰਭਾਲੇ।

ਬੈਂਚ ਨੇ ਕਿਹਾ ਸੀ ਕਿ ਜਿਸ ਮੱਠ ਵਿਚ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਠਹਿਰੇ ਸਨ, ਉਸ ਨੂੰ ਢਾਹਿਆ ਨਹੀਂ ਜਾਣਾ ਚਾਹੀਦਾ। ਬੈਂਚ ਨੇ ਕਿਹਾ ਸੀ ਕਿ ਤੁਸੀ ਹਰ ਚੀਜ਼ ਨੂੰ ਤਬਾਹ ਨਹੀਂ ਕਰ ਸਕਦੇ।