ਅਮਰੀਕਾ-ਇਰਾਨ ਤਣਾਅ: ਏਅਰ ਇੰਡੀਆ ਨੇ ਬਦਲਿਆ ਉਡਾਣਾਂ ਦਾ ਰਸਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਣਾਅ ਦੇ ਮੱਦੇਨਜ਼ਰ ਚੁਕਿਆ ਕਦਮ

file photo

ਨਵੀਂ ਦਿੱਲੀ : ਅਮਰੀਕਾ ਅਤੇ ਇਰਾਨ ਵਿਚਾਲ ਤਣਾਅ ਵਧਦਾ ਜਾ ਰਿਹਾ ਹੈ। ਇਰਾਨ ਵਲੋਂ ਅਮਰੀਕਾ ਦੇ ਟਿਕਾਣਿਆਂ 'ਤੇ ਕੀਤੇ ਜਵਾਬੀ ਹਮਲਿਆਂ ਤੋਂ ਬਾਅਦ ਅਮਰੀਕਾ ਦੀ ਸੰਭਾਵੀ ਕਾਰਵਾਈ ਦੇ ਸ਼ੰਕੇ ਕਾਰਨ ਦੁਨੀਆ ਭਰ ਦੀਆਂ ਨਜ਼ਰ ਖਾੜੀ ਦੇਸ਼ਾਂ ਵੱਲ ਟਿਕੀਆਂ ਹੋਈਆਂ ਹਨ।

ਇਸ ਦੌਰਾਨ ਇਰਾਨ ਵਿਚ ਇਕ ਯਾਤਰੀ ਜਹਾਜ਼ ਦੇ ਹਾਦਸਾ ਗ੍ਰਸਤ ਹੋ ਗਿਆ ਜਿਸ ਵਿਚ ਸੈਂਕੜੇ ਜਾਨਾਂ ਚਲੀਆਂ ਗਈਆਂ ਹਨ। ਇਸ ਤੋਂ ਬਾਅਦ ਵੱਖ ਵੱਖ ਦੇਸ਼ਾਂ ਨੇ ਇਰਾਨ ਦੇ ਹਵਾਈ ਖੇਤਰ ਦੇ ਖ਼ਤਰਿਆਂ ਨੂੰ ਵੇਖਦਿਆਂ ਅਪਣੀਆਂ ਉਡਾਨਾਂ ਨਵੇਂ ਮਾਰਗਾਂ ਰਾਹੀਂ ਲਿਜਾਣੀਆਂ ਸੁਰੂ ਕਰ ਦਿਤੀਆਂ ਹਨ।

ਇਸੇ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਵੀ  ਈਰਾਨ ਦੇ ਹਵਾਈ ਖੇਤਰ ਤੋਂ ਲੰਘਣ ਵਾਲੀਆਂ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਨੂੰ ਨਵੇਂ ਮਾਰਗਾਂ ਰਾਹੀਂ ਲਿਜਾਉਣਾ ਸ਼ੁਰੂ ਕਰ ਦਿਤਾ ਹੈ।

ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਅਨੁਸਾਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਲਈ ਨਵੇਂ ਮਾਰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਇਕ ਯਾਤਰਾ ਸਲਾਹਕਾਰੀ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਇਰਾਕ ਵਿਚ ਰਹਿੰਦੇ ਭਾਰਤੀਆਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਸਰਕਾਰ ਨੇ ਦੇਸ਼ ਦੀਆਂ ਸਮੂਹ ਏਅਰਲਾਇੰਸ ਨੂੰ ਈਰਾਨ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿਤੀ ਹੈ। ਇਸੇ ਤਰ੍ਹਾਂ ਇਰਾਕ ਵਿਚ ਰਹਿੰਦੇ ਭਾਰਤੀਆਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਇਰਾਕ ਦੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਵੀ ਦਿਤੀ ਗਈ ਹੈ।

ਮੰਤਰਾਲੇ ਦਾ ਕਹਿਣਾ ਹੈ ਕਿ ਬਗ਼ਦਾਦ ਵਿਚ ਭਾਰਤੀ ਦੂਤਘਰ ਅਤੇ ਇਰਬਿਲ ਸਥਿਤ ਵਪਾਰਕ ਦੂਤਘਰ ਇਰਾਕ ਵਿਚ ਰਹਿੰਦੇ ਭਾਰਤੀਆਂ ਦੀ ਮਦਦ ਲਈ ਨਿਰੰਤਰ ਕੰਮ ਕਰ ਰਹੇ ਹਨ। ਭਾਰਤ ਤੋਂ ਇਲਾਵਾ ਚੀਨ ਨੇ ਆਪਣੀਆਂ ਏਅਰਲਾਈਨਾਂ ਨੂੰ ਈਰਾਨ ਦੀ ਏਅਰਸਪੇਸ ਵਰਤਣ ਤੋਂ ਵੀ ਰੋਕ ਲਗਾਈ ਹੈ। ਨਾਲ ਹੀ ਸਿੰਗਾਪੁਰ ਏਅਰਲਾਇੰਸ ਨੇ ਵੀ ਅਡਵਾਇਜ਼ਰੀ ਜਾਰੀ ਕੀਤੀ ਹੈ।