ਕਈਂ ਮੋਰਚਿਆਂ ‘ਚ ਜੇਲ੍ਹ ਜਾ ਚੁੱਕਾ 82 ਸਾਲਾ ਬਾਪੂ ਆਣ ਡਟਿਆ ਦਿੱਲੀ ਮੋਰਚੇ ‘ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਤਾਂ ਕਿਸਾਨ ਹੀ ਰਹੇਗਾ ਪਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹੇਗਾ...

Baba Amardeep Singh

ਨਵੀਂ ਦਿੱਲੀ (ਅਰਪਨ ਕੌਰ) : ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਅੰਦੋਲਨ ‘ਚ ਕਿਸਾਨ ਲਗਾਤਾਰ ਡਟੇ ਹੋਏ ਹਨ। ਇਸ ਕਿਸਾਨ ਮੋਰਚੇ ‘ਚ ਕਈਂ ਸੰਘਰਸ਼ੀ ਬਾਬੇ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਕਈਂ ਅੰਦੋਲਨਾਂ ‘ਚ ਸੰਘਰਸ਼ ਕੀਤਾ ਹੈ ਜੋ ਆਪਣੇ ਇੰਨਕਲਾਬੀ ਜਜ਼ਬਿਆਂ ਦੇ ਨਾਲ ਇਸ ਅੰਦੋਲਨ ਨੂੰ ਰੰਗ ਰਹੇ ਹਨ। ਇਨ੍ਹਾਂ ਜੋਧਿਆਂ ਨੇ ਆਪਣੇ ਹੱਕਾਂ ਵਾਸਤੇ ਲੜਦਿਆਂ ਕਈਂ ਵਾਰ ਜੇਲ੍ਹਾਂ ਵੀ ਕੱਟੀਆਂ ਹਨ।

ਸਪੋਕਸਮੈਨ ਟੀਵੀ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨੇ ਕਿਸਾਨ ਮੋਰਚੇ ‘ਚ ਪੁੱਜੇ 82 ਸਾਲਾ ਸੰਘਰਸ਼ੀ ਬਾਬੇ ਨਾਲ ਪੁਰਾਣੇ ਅੰਦੋਲਨਾਂ ਬਾਰੇ ਕੁਝ ਗੱਲਾਂ ਸਾਝੀਆਂ ਕੀਤੀਆਂ। ਬਾਬਾ ਅਮਰਦੀਪ ਸਿੰਘ (82) ਗੁਰਦਾਸਪੁਰ ਤੋਂ ਆਏ ਹੋਏ ਹਨ ਤੇ ਸਦਾ ਸੰਘਰਸ਼ੀ ਜੋਧੇ ਰਹੇ ਹਨ। ਬਾਬਾ ਅਮਰਦੀਪ ਸਿੰਘ ਨੇ ਆਪਣੇ ਅੰਦੋਲਨਾਂ ਬਾਰੇ ਦੱਸਿਆ ਕਿ ਜਦੋਂ ਸੰਨ 1960 ਵਿਚ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਹੋਇਆਂ ਤਾਂ 22 ਸਿੰਘ ਰੋਜ਼ ਮੰਜੀ ਸਾਹਿਬ ਤੋਂ ਅੰਮ੍ਰਿਤਸਰ ‘ਚ ਆਪਣੀਆਂ ਗ੍ਰਿਫ਼ਤਾਰੀਆਂ ਦਿੰਦੇ ਹੁੰਦੇ ਸੀ।

ਉਨ੍ਹਾਂ ਦੱਸਿਆਂ ਕਿ ਉਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਸਨ। ਬਾਬਾ ਅਮਰਦੀਪ ਸਿੰਘ ਨੇ ਦੱਸਿਆ ਉਸ ਅੰਦੋਲਨ ਦੇ ਵਿਚ ਪੰਜਾਬ ਦੇ 57,629 ਸਿੰਘ ਜੇਲ੍ਹਾਂ ਵਿਚ ਭੇਜੇ ਗਏ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਹੁਤ ਹੀ ਸਖ਼ਤ ਸੁਭਾਅ ਦੇ ਸਨ ਤੇ 11 ਸਤੰਬਰ 1960 ਅੰਦੋਲਨ ‘ਚ ਮੇਰੀ ਪਹਿਲੀ ਵਾਰੀ ਗ੍ਰਿਫ਼ਤਾਰੀ ਹੋਈ ਸੀ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਂ ਸੰਨ 1975 ਵਿਚ ਐਮਰਜੈਂਸੀ ਲੱਗੀ ਹੋਈ ਸੀ ਤਾਂ ਅਕਾਲੀ ਦਲ ਨੇ ਮੋਰਚਾ ਲਗਾਇਆ ਫਿਰ ਸਾਡੀਆਂ ਗ੍ਰਿਫ਼ਤਾਰੀਆਂ ਹੋਈਆਂ ਸੀ। ਬਾਬਾ ਅਮਰਦੀਪ ਸਿੰਘ ਨੇ ਦੱਸਿਆ ਕਿ ਸੰਨ 1975 ਵਿਚ ਮੋਦੀ ਨੇ ਅਕਾਲੀ ਦਲ ਤੇ ਸਾਡੀ ਪਨਾਹ ‘ਚ ਰਿਹਾ ਸੀ ਜੋ ਅੱਜ ਪ੍ਰਧਾਨ ਮੰਤਰੀ ਬਣੇ ਸਾਡੇ ਵਿਰੋਧੀ ਕਾਲੇ ਕਾਨੂੰਨ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਸੰਨ 1982 ਵਿਚ ਜਦੋਂ ਆਨੰਦਪੁਰ ਮਤਾ ਸ਼ੁਰੂ ਹੋਇਆ ਉਦੋਂ ਵੀ ਸਾਡੀਆਂ ਪਰਿਵਾਰਾਂ ਸਮੇਤ ਗ੍ਰਿਫ਼ਤਾਰੀਆਂ ਹੋਈਆਂ ਸਨ।

ਬਾਬਾ ਅਮਰਦੀਪ ਸਿੰਘ ਨੇ ਕਿਹਾ ਕਿ ਮੈਨੂੰ ਮੌਜੂਦਾ ਜਥੇਦਾਰ ਨੇ ਦਿੱਲੀ ਮੋਰਚੇ ‘ਚ ਜਾਣ ਲਈ ਆਖਿਆ ਤਾਂ ਮੈਂ ਹਾਂ ਕਰ ਦਿੱਤੀ ਕਿ ਜਦੋਂ ਅਸੀਂ ਸ਼ੁਰੂ ਤੋ ਆਪਣੇ ਹੱਕਾਂ ਲਈ ਸੰਘਰਸ ਕਰਦੇ ਆ ਰਹੇ ਹਾਂ ਤਾਂ ਦਿੱਲੀ ਕੀ ਚੀਜ਼ ਹੈ। ਬਾਬਾ ਅਮਰਦੀਪ ਸਿੰਘ ਨੇ ਦਿੱਲੀ ਮੋਰਚੇ ਬਾਰੇ ਕਿਹਾ ਕਿ ਭਾਰਤ ਵਿਚ 70 ਫ਼ੀਸਦੀ ਲੋਕ ਕਿਸਾਨ ਹਨ ਜੋ ਆਪਣਾ ਢਿੱਡ ਖੇਤੀ ਕਰਕੇ ਭਰਦੇ ਨੇ ਜੇ ਉਨ੍ਹਾਂ ਕੋਲ ਆਪਣਾ ਕੋਈ ਕੰਮਕਾਰ ਨਾ ਰਿਹਾ ਤਾਂ ਕਿਸਾਨ ਭੁੱਕੇ ਮਰ ਜਾਣਗੇ ਪਰ ਅਸੀਂ ਇਨ੍ਹਾਂ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾ ਕੇ ਹੀ ਇੱਥੋਂ ਜਾਵਾਂਗੇ।

ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਬਹਾਦਰ ਜੀ ਨੇ ਜ਼ਮੀਨਾਂ ਦਾ ਹੱਕ ਦਿੱਤਾ ਹੈ ਜੋਂ ਅਸੀਂ ਕਿਸੇ ਵੀ ਕੀਮਤ ‘ਤੇ ਸਾਥੋਂ ਖੋਹਣ ਨਹੀਂ ਦੇਵਾਂਗੇ ਚਾਹੇ ਸਾਨੂੰ ਜਿੰਨੀ ਮਰਜ਼ੀਆਂ ਕੁਰਬਾਨੀਆਂ ਦੇਣੀਆਂ ਪਵੇ।