ਟਰੰਪ ਵਾਲੀਆਂ ਪੈੜਾਂ ’ਤੇ ਤੁਰੇ PM ਮੋਦੀ, ਅਖੀਰੀ ਦਾਅ ਤਕ ਅੜਣ ਦੇ ਮੂੜ ’ਚ ਕੇਂਦਰ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਨੂੰ ਲੰਮਾ ਖਿੱਚਣ ਲਈ ਬਜਿੱਦ ਕੇਂਦਰ ਸਰਕਾਰ, ਮੁੜ ਅਲਾਪਿਆ ਪੁਰਾਣਾ ਰਾਗ

Donald Trump, PM Narendra Modi

ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਚੱਲ ਰਹੀ 8ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹਿਣ ਦੇ ਅਸਾਰ ਨਜ਼ਰ ਆ ਰਹੇ ਹਨ। ਸੱਤਾਧਾਰੀ ਧਿਰ ਵਲੋਂ ਪਿਛਲੇ ਦਿਨਾਂ ਦੌਰਾਨ ਵਿਖਾਏ ਜਾ ਰਹੇ ਤੇਵਰ ਵੀ ਇਸੇ ਵੱਲ ਹੀ ਇਸ਼ਾਰਾ ਕਰਦੇ ਹਨ। ਮੀਟਿੰਗ ਦੇ ਸ਼ੁਰੂਆਤ ਵਿਚ ਆ ਰਹੀਆਂ ਖ਼ਬਰਾਂ ਤੋਂ ਵੀ ਇਹੋ ਸੰਕੇਤ ਮਿਲ ਰਹੇ ਹਨ ਕਿ ਸਰਕਾਰ ਕਿਸਾਨਾਂ ਦੇ ਦਮ-ਖਮ ਨੂੰ ਆਖ਼ਰੀ ਦਾਅ ਤਕ ਪਰਖਣ ਦੇ ਰੌਂਅ ਵਿਚ ਹੈ। 

ਸੱਤਾਧਾਰੀ ਧਿਰ ਸਾਰੇ ਦਾਅ ਪੁੱਠੇ ਪੈਣ ਦੇ ਬਾਵਜੂਦ ਗੱਲ ਵਿਚੋਂ ਗੱਲ ਕੱਢ ਕੇ ਸੰਘਰਸ਼ ਨੂੰ ਲੰਮੇਰਾ ਖਿੱਚਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੀ। ਨੌਬਤ ਇੱਥੋਂ ਤਕ ਪਹੁੰਚ ਚੁੱਕੀ ਹੈ ਕਿ ਭਾਜਪਾ ਆਗੂਆਂ ਦੇ ਜ਼ਿਆਦਾਤਰ ਬਿਆਨ ਆਪਾ-ਵਿਰੋਧੀ ਸਾਬਤ ਹੋਣ ਲੱਗੇ ਹਨ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਭਾਜਪਾ ਆਗੂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਤੋਂ ਫ਼ਿਲਹਾਲ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ। 

ਇਸੇ ਦੌਰਾਨ ਅਮਰੀਕਾ ਵਿਚ ਵਾਪਰੀ ਬੀਤੇ ਕੱਲ੍ਹ ਦੇ ਘਟਨਾ ਨੂੰ ਲੈ ਕੇ ਨਵੀਂ ਬਹਿਸ਼ ਛਿੜ ਗਈ ਹੈ। ਅਮਰੀਕਾ ਵਿਚ ਵਾਪਰੀ ਘਟਨਾ ’ਤੇ ਭਾਵੇਂ ਦੁਨੀਆਂ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ, ਪਰ ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕ ਅਮਰੀਕਾ ਦੀਆਂ ਘਟਨਾਵਾਂ ਨੂੰ ਕਿਸਾਨੀ ਸੰਘਰਸ਼ ਦੇ ਸੰਦਰਭ ਵਿਚ ਵੀ ਵੇਖਣ ਲੱਗੇ ਹਨ। ਚੱਲ ਰਹੀਆਂ ਚਰਚਾਵਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਭਾਅ ਅਤੇ ਕਾਰਜਵਿਧੀ ਵਿਚਲੀਆਂ ਸਮਾਨਤਾਵਾਂ ਦਾ ਵਿਸ਼ੇਸ਼ ਜ਼ਿਕਰ ਹੋ ਰਿਹਾ ਹੈ। 

ਦੋਵਾਂ ਆਗੂਆਂ ਵਿਚਾਲੇ ਸਮਾਨਤਾਵਾਂ ਦਾ ਪ੍ਰਗਟਾਵਾ 20 ਸਤੰਬਰ 2019 ਨੂੰ ਪਹਿਲਾਂ ਅਮਰੀਕਾ ਦੇ ਸ਼ਹਿਰ ਹਾਊਸਟਨ ਵਿਖੇ ਹਾਓਡੀ ਮੋਡੀ ਨਾਮ ਹੇਠ ਕੀਤੀ ਗਈ ਰੈਲੀ ਦੌਰਾਨ ਵੀ ਹੋਇਆ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰੋਬਾਰੀ ਸੁਭਾਅ ਗੁਜਰਾਤੀਆਂ ਦਾ ਵਿਸ਼ੇਸ਼ ਗੁਣ ਦੱਸਿਆ ਸੀ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਿਛੋਕੜ ਵੀ ਇਕ ਵੱਡੇ ਕਾਰੋਬਾਰੀ ਵਾਲਾ ਹੈ। ਇਹ ਆਮ ਧਾਰਨਾ ਹੈ ਕਿ ਕਾਰੋਬਾਰੀਆਂ ਦੇ ਸਿਆਸਤ ਵਿਚ ਆਉਣ ’ਤੇ ਆਮ ਲੋਕਾਈ ਦਾ ਕੋਈ ਬਹੁਤਾ ਭਲਾ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਰਪੋਰੇਟ-ਪੱਖੀ ਨੀਤੀਆਂ ਅਤੇ ਆਪਣੀ ਗੱਲ ਹਰ ਹਾਲ ਪੁਗਾਉਣ ਦੀ ਬਿਰਤੀ ਨੂੰ ਡੋਰਾਲਡ ਟਰੰਪ ਦੇ ਸੁਭਾਅ ਨਾਲ ਜੋੜ ਕੇ ਵੇਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵਿਚ ਹੋਈਆਂ ਚੋਣਾਂ ’ਚ ਭਾਵੇਂ ਡੋਨਾਲਡ ਟਰੰਪ ਵੋਟਾਂ ਪੱਖੋਂ ਹਾਰ ਗਏ ਸਨ, ਪਰ ਉੁਨ੍ਹਾਂ ਦੀ ਖੁਦ ਨੰੂ ਸਹੀ ਸਾਬਤ ਕਰਨ ਦੀ ਬਿਰਤੀ ਨੇ ਉਨ੍ਹਾਂ ਨੂੰ ਹਾਰ ਸਵੀਕਾਰਨ ਤੋਂ ਰੋਕੀ ਰੱਖਿਆ ਜਿਸ ਦੀ ਨਤੀਜਾ ਬੀਤੇ ਕੱਲ੍ਹ ਵਾਪਰੀ ਘਟਨਾ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਨੇ ਅਮਰੀਕਾ ਦਾ ਪੂਰੀ ਦੁਨੀਆਂ ’ਚ ਸਿਰ ਨੀਵਾਂ ਕਰਵਾਇਆ ਹੈ।

ਅਮਰੀਕਾ ਵਰਗੇ ਹੀ ਹਾਲਾਤ ਇਸ ਵੇਲੇ ਭਾਰਤ ਅੰਦਰ ਬਣੇ ਹੋਏ ਹਨ ਜਿੱਥੇ ਖੇਤੀ ਕਾਨੂੰਨਾਂ ਖਿਲਾਫ਼ ਵੱਡੀ ਪੱਧਰ ’ਤੇ ਰੋਸ ਮੁਜਾਹਰੇ ਹੋ ਰਹੇ ਹਨ ਜਦਕਿ ਸਰਕਾਰ ਖੇਤੀ ਕਾਨੂੰਨ ਸਹੀ ਹਨ, ਦੀ ਰੱਟ ਤਿਆਗਣ ਲਈ ਤਿਆਰ ਨਹੀਂ। ਇਸ ਪਿਛੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਠ ਧਰਮੀ ਨੂੰ ਮੰਨਿਆ ਜਾ ਰਿਹਾ ਹੈ, ਜੋ ਟਰੰਪ ਵਾਂਗ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹਨ ਅਤੇ ਖੁਦ ਦੇ ਬਣਾਏ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਦੀ ਜਿੱਦ ’ਤੇ ਅੜੇ ਹੋਏ ਹਨ। ਸ਼ਾਇਦ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਗੱਲ ਹਰ ਪੱਧਰ ’ਤੇ ਹੱਥੋਂ ਨਿਕਲਣ ਬਾਅਦ ਹੀ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਹੋਣਗੇ ਜਿਵੇਂ ਡੋਨਾਲਡ ਟਰੰਪ ਨੇ ਹੁਣ ਆਪਣੀ ਹਾਰ ਕਬੂਲ ਕਰ ਲਈ ਹੈ। ਖੇਤੀ ਸੰਘਰਸ਼ ਨਾਲ ਜੁੜੇ ਚਿੰਤਕ ਮਸਲੇ ਦੇ ਲਮਕਣ ਅਤੇ ਸਰਕਾਰ ਦੀਆਂ ਮਾਨਸ਼ਾਵਾਂ ਨੂੰ ਲੈ ਕੇ ਵੱਡੀ ਚਿੰਤਾ ਵਿਚ ਹਨ ਅਤੇ ਮਸਲੇ ਦੇ ਛੇਤੀ ਹੱਲ ਲਈ ਦੁਆਵਾਂ ਕਰ ਰਹੇ ਹਨ।