Kundli Border ਤੋਂ ਸਿੰਘ ਨੇ ਮਾਰੀ ਦਹਾੜ, 'ਜੇ ਸਾਡੀ ਖੇਤੀ 'ਤੇ ਅੱਖ ਰੱਖੀ ਤਾਂ ਅੱਖ ਕੱਢ ਲਵਾਂਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਜਿੱਥੇ ਲੋੜ ਪਈ ਇਹ ਕੌਮ ਸ਼ਹੀਦੀਆਂ ਦੇਣ ਲਈ ਵੀ ਤਿਆਰ ਹੈ- ਸਤਨਾਮ ਸਿੰਘ

Satnam Singh at Kundli Border

ਨਵੀਂ ਦਿੱਲੀ (ਗੁਰਪ੍ਰੀਤ ਸਿੰਘ): ਦਿੱਲੀ ਵਿਚ ਲੱਗੇ ਕਿਸਾਨੀ ਮੋਰਚੇ ਦੌਰਾਨ ਕਈ ਸਖਸ਼ੀਅਤਾਂ ਵੱਲੋਂ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਮਿਸਲ ਬੱਬਰ ਅਕਾਲੀ ਦੇ ਜਥੇਦਾਰ ਸਤਨਾਮ ਸਿੰਘ ਵੀ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਬਾਰਡਰ ‘ਤੇ ਦਿਨ ਰਾਤ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਬਾਰਿਸ਼ ਹੋ ਰਹੀ ਹੈ ਪਰ ਬਜ਼ੁਰਗਾਂ ਤੇ ਨੌਜਵਾਨਾਂ ਦਾ ਜੋਸ਼ ਬਰਕਰਾਰ ਹੈ।

ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਸਿੱਖਾਂ ਤੇ ਕਿਸਾਨਾਂ ਨੂੰ ਦਬਾਇਆ ਜਾਵੇ। ਪਰ ਕਿਸਾਨ ਦਬਾਏ ਨਹੀਂ ਜਾ ਸਕਦੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ‘ਦੱਲਿਆਂ ਦੀ ਸਰਕਾਰ’ ਦੱਸਿਆ। ਜਥੇਦਾਰ ਸਤਨਾਮ ਸਿੰਘ ਨੇ ਕਿਹਾ ਕਿ 12ਵੀਂ ਪਾਸ ਵਿਅਕਤੀ ਨੂੰ ਪੰਜਾਬ ਵਿਚ ਚਪੜਾਸੀ ਵੀ ਨਹੀਂ ਰੱਖਿਆ ਜਾਂਦਾ ਪਰ ਕੇਂਦਰ ਵਿਚ 12ਵੀਂ ਪਾਸ ਵਿਅਕਤੀ ਨੂੰ ਬਿਠਾਇਆ ਹੋਇਆ ਹੈ।

ਉਹਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਇੰਨੀਆਂ ਮੀਟਿੰਗਾਂ ਵਿਚ ਇਕ ਗੱਲ਼ ਨਹੀਂ ਸਮਝ ਆ ਰਹੀ ਕਿ ਯੈੱਸ (Yes) ਜਾਂ ਨੋ (No), ਉਸ ਨੂੰ ਪਾਗਲਖਾਨੇ ਵਿਚ ਦਾਖਲ ਕਰਵਾ ਦੇਣਾ ਚਾਹੀਦਾ ਹੈ। ਸਰਕਾਰ ਲੰਗਰ ਲਗਾਉਣ ਵਾਲੇ ਸਿੱਖਾਂ ਨੂੰ ਅੱਤਵਾਦੀ ਦੱਸ ਰਹੀ ਹੈ ਪਰ ਅਸੀਂ ਖਾਲਿਸਤਾਨੀ ਹਾਂ ਜਾਂ ਅੱਤਵਾਦੀ ਇਹ ਸਭ ਮੀਡੀਆ ਨੇ ਦੇਖ ਲਿਆ ਹੈ। ਖਾਲਸਾ ਸ਼ੁੱਧ ਹੁੰਦਾ ਹੈ ਤੇ ਖਾਲਸਾ ਨਿਰੋਲ ਹੈ, ਇਹ ਕਿਸੇ ਨਾਲ ਮਾੜਾ ਵਰਤਾਅ ਜਾਂ ਧੱਕਾ ਨਹੀਂ ਕਰਦਾ।

ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਰ-ਵਾਰ ਬੋਲ ਰਹੀ ਹੈ ਕਿ ਕਾਨੂੰਨ ਹੱਕ ‘ਚ ਹਨ ਪਰ ਇਹ ਸਾਡੇ ਹੱਕ ‘ਚ ਨਹੀਂ, ਸਰਕਾਰ ਦੇ ਹੱਕ ਵਿਚ ਹਨ। ਅਸੀਂ ਸਰਕਾਰ ਕੋਲੋਂ ਕੁਝ ਹੋਰ ਨਹੀਂ ਮੰਗ ਰਹੇ ਬਲਕਿ ਅਪਣਾ ਹੱਕ ਮੰਗ ਰਹੇ ਹਾਂ। ਉਹਨਾਂ ਕਿਹਾ ਕਿ ਸਾਡੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਜਿੱਥੇ ਕਿਤੇ ਲੋੜ ਪਵੇ ਇਹ ਕੌਮ ਸ਼ਹੀਦੀਆਂ ਪਾਉਣ ਲਈ ਵੀ ਤਿਆਰ ਹੈ।