ਦਿੱਲੀ ਦੀ ਛੋਟੀ ਜਿਹੀ ਕੁੜੀ ਨੇ ਅਪਣੀ ਗੋਲਕ ‘ਚੋਂ ਕਿਸਾਨਾਂ ਲਈ ਦਿੱਤੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਭਰਾ ਨਾਲ ਆਣ ਡਟੀ ਮੋਰਚੇ ‘ਤੇ, ਕਹਿੰਦੀ ਨਹੀਂ ਆਉਂਦੀ ਮੰਮੀ ਦੀ ਯਾਦ

Harjas Kaur

ਨਵੀਂ ਦਿੱਲੀ (ਅਰਪਨ ਕੌਰ): ਸਿੱਖ ਗੁਰੂ ਸਹਿਬਾਨਾਂ ਨੇ ਸੇਵਾ ਦੇ ਨਾਲ-ਨਾਲ ਅਪਣੀ ਮਿਹਨਤ ਦੀ ਕਮਾਈ ਵਿਚੋਂ ਦਸਵੰਧ ਕੱਢਣ ਦਾ ਫਲਸਲਾ ਵੀ ਕੌਮ ਦੀ ਝੌਲੀ ਪਾਇਆ ਹੈ। ਇਸ ਤਰ੍ਹਾਂ ਦਾ ਵਰਤਾਰਾ ਦਿੱਲੀ ਦੇ ਬਾਰਡਰਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇੱਥੇ ਸੰਗਤਾਂ ਦੇ ਦਸਵੰਧ ਨਾਲ ਗੁਰੂ ਦਾ ਲੰਗਰ ਲਗਾਤਾਰ ਜਾਰੀ ਹੈ।

ਦਿੱਲੀ ਵਿਚ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਦੇਖ ਇਕ ਛੋਟੀ ਜਿਹੀ ਬੱਚੀ ਨੇ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਹਰਜਸ ਕੌਰ ਨਾਂਅ ਦੀ ਬੱਚੀ ਨੇ ਅਪਣੀ ਗੋਲਕ ਵਿਚ ਇਕੱਠੇ ਕੀਤੇ ਪੈਸਿਆਂ ਨੂੰ ਗੁਰੂ ਦੇ ਲੰਗਰ ਵਿਚ ਦਿੱਤਾ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਹਰਜਸ ਕੌਰ ਦਾ ਕਹਿਣਾ ਹੈ ਕਿ ਇੱਥੇ ਮਦਦ ਦੀ ਲੋੜ ਸੀ, ਇਸ ਲਈ ਉਸ ਨੇ ਅਪਣੇ ਇਕੱਠੇ ਕੀਤੇ ਪੈਸੇ ਸੇਵਾ ਵਿਚ ਪਾ ਦਿੱਤੇ।

ਹਰਜਸ ਕੌਰ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਪੈਸੇ ਦੋਵੇਂ ਭੈਣ-ਭਰਾ ਨੇ ਮਿਲ ਕੇ ਇਕੱਠੇ ਕੀਤੇ ਸੀ। ਜਦੋਂ ਵੀ ਉਹਨਾਂ ਦੇ ਪਿਤਾ ਕੋਈ ਸਮਾਨ ਲੈ ਕੇ ਆਉਂਦੇ ਸੀ ਤਾਂ ਉਹ 20 ਰੁਪਏ ਦਾ ਨੋਟ ਰੱਖ ਲੈਂਦੇ ਸੀ। ਇਹ ਪੈਸੇ ਉਹ ਕਿਸੇ ਮਦਦ ਲਈ ਹੀ ਜੋੜ ਰਹੇ ਸੀ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਨੂੰ ਉਹਨਾਂ ਦੇ ਪਿਤਾ ਨੇ ਦੱਸਿਆ ਸੀ ਕਿ 20 ਰੁਪਏ ਤੋਂ ਲੰਗਰ ਸ਼ੁਰੂ ਹੋਇਆ ਸੀ, ਇਸ ਲਈ ਉਹ ਬੀਤੇ 2 ਮਹੀਨਿਆਂ ਤੋਂ 20-20 ਰੁਪਏ ਹੀ ਜੋੜ ਰਹੇ ਸਨ। ਇਹਨਾਂ ਬੱਚਿਆਂ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਲਗਾਤਾਰ ਫੇਸਬੁੱਕ ‘ਤੇ ਕਿਸਾਨੀ ਸੰਘਰਸ਼ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਹਨ।

8 ਸਾਲਾ ਹਰਜਸ ਕੌਰ ਨੇ ਅਪਣੇ ਜਨਮ ਦਿਨ ਮੌਕੇ ਅਪਣੇ ਪਿਤਾ ਨੂੰ ਦੱਸਿਆ ਕਿ ਉਹ ਪੈਸੇ ਕਿਸਾਨਾਂ ਨੂੰ ਦੇਣਾ ਚਾਹੁੰਦੀ ਹੈ। ਇਹ ਬੱਚੇ ਕਾਫੀ ਸਮੇਂ ਤੋਂ ਅਪਣੇ ਪਿਤਾ ਨਾਲ ਸੰਘਰਸ਼ ਵਿਚ ਸਮਰਥਨ ਦੇ ਰਹੇ ਹਨ, ਉਹਨਾਂ ਨੂੰ ਇੱਥੇ ਰਹਿ ਕੇ ਚੰਗਾ ਲੱਗਦਾ ਹੈ। ਇਸ ਸਬੰਧੀ ਗੱਲ ਕਰਦਿਆਂ ਲੰਗਰ ਦੇ ਸੇਵਾ ਕਰਵਾ ਰਹੇ ਬਾਬਾ ਧਰਮਜੀਤ ਸਿੰਘ ਨੇ ਕਿਹਾ ਕਿ ਇਸ ਬੱਚੀ ਦਾ 700 ਰੁਪਇਆ ਵੀ ਸਾਨੂੰ 7 ਲੱਖ ਦੇ ਬਰਾਬਰ ਲੱਗਦਾ ਹੈ ਕਿਉਂਕਿ ਭਾਵਨਾ ਬਹੁਤ ਨਿਰਮਲ ਹੈ। ਇਹ ਬੱਚੀ ਹੋਰਨਾਂ ਬੱਚਿਆਂ ਲਈ ਵੀ ਮਿਸਾਲ ਬਣੀ ਹੋਈ ਹੈ।