ਵਿਅਕਤੀ ਨੇ 37 ਦਿਨਾਂ ਵਿਚ ਸਾਈਕਲ 'ਤੇ ਤੈਅ ਕੀਤਾ 6000 ਕਿਲੋਮੀਟਰ ਦਾ ਸਫ਼ਰ, ਜਾਣੋ ਵਜ੍ਹਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗਰੀਬ ਅਤੇ ਵਾਂਝੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਗਗਨ ਨੇ ਦੇਸ਼ ਭਰ ਤੋਂ ਧਨ ਇਕੱਠਾ ਕੀਤਾ।

The person traveled 6000 km on a bicycle in 37 days, know the reason

ਨਵੀਂ ਦਿੱਲੀ - ਦੇਸ਼ ਵਿਚ ਕਈ ਅਜਿਹੇ ਲੋਕ ਹੁੰਦੇ ਹਨ ਜੋ ਸਈਕਲ 'ਤੇ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕਰ ਕੇ ਰਿਕਾਰਡ ਬਣਾਉਂਦੇ ਰਹਿੰਦੇ ਹਨ। 
ਇਸੇ ਤਰ੍ਹਾਂ ਹੀ ਇਕ ਵਿਅਕਤੀ ਨੇ 37 ਦਿਨ ਵਿਚ  6000 ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਤੈਅ ਕੀਤਾ। ਇਹ ਸੁਣ ਕੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ 66 ਸਾਲਾ ਇਕ ਸ਼ਖ਼ਸ ਨੇ ਅਜਿਹਾ ਕਰ ਵਿਖਾਇਆ ਹੈ। ਇਸ ਵਿਅਕਤੀ ਦਾ ਨਾਂ ਗਗਨ ਖੋਸਲਾ ਹੈ। ਗਗਨ ਨੇ ਇਹ ਸਾਈਕਲ ਯਾਤਰਾ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਕੀਤੀ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਵਿਚ ਪੜ੍ਹਾਈ ਛੁੱਟ ਗਈ ਸੀ।

ਗਰੀਬ ਅਤੇ ਵਾਂਝੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਗਗਨ ਨੇ ਦੇਸ਼ ਭਰ ਤੋਂ ਧਨ ਇਕੱਠਾ ਕੀਤਾ। ਗਗਨ ਖੋਸਲਾ ਨੇ ਬਾਲ ਰਕਸ਼ਾ ਭਾਰਤ ਲਈ ਫੰਡ ਇਕੱਠਾ ਕਰਨ ਲਈ 6000 ਕਿਲੋਮੀਟਰ ਦੇ ਗੋਲਡਨ ਚਤੁਰਭੁਜ ਨੂੰ ਪਾਰ ਕਰਨ ਦਾ ਮਿਸ਼ਨ ਸ਼ੁਰੂ ਕੀਤਾ। ਬਾਲ ਰਕਸ਼ਾ ਭਾਰਤ ਇਕ ਗੈਰ-ਲਾਭਕਾਰੀ ਸੰਸਥਾ ਹੈ, ਜੋ 2008 ਤੋਂ ਭਾਰਤ ਵਿਚ ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। 

ਦਿੱਲੀ ਦੇ ਰਹਿਣ ਵਾਲੇ ਗਗਨ ਖੋਸਲਾ ਨੇ ਦਿੱਲੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਗੋਲਡਨ ਚਤੁਰਭੁਜ ਨੂੰ ਪਾਰ ਕਰਨ ਦਾ ਮਿਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਯਾਤਰਾ 20 ਨਵੰਬਰ, 2022 ਨੂੰ ਦਿੱਲੀ ਤੋਂ ਸ਼ੁਰੂ ਕੀਤੀ ਸੀ ਅਤੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਸੂਬਿਆਂ ਨੂੰ ਕਵਰ ਕਰਨ ਵਾਲੀ 37 ਦਿਨਾਂ ਦੀ ਸਾਈਕਲ ਯਾਤਰਾ ਤੋਂ ਬਾਅਦ 28 ਦਸੰਬਰ, 2022 ਨੂੰ ਮਾਨੇਸਰ, ਗੁੜਗਾਓਂ 'ਚ ਸਮਾਪਤ ਹੋਈ। ਖੋਸਲਾ ਨੇ ਸਾਬਤ ਕੀਤਾ ਕਿ ਉਮਰ ਸਿਰਫ਼ ਇਕ ਨੰਬਰ ਹੈ, ਜੇਕਰ ਤੁਹਾਡੇ 'ਚ ਕੁਝ ਕਰਨ ਦੀ ਇੱਛਾ ਅਤੇ ਪ੍ਰੇਰਣਾ ਹੈ। ਉਨ੍ਹਾਂ ਲਈ ਇਹ ਪ੍ਰੇਰਣਾ ਮੁੱਢਲੀ ਸਿੱਖਿਆ ਤੋਂ ਵਾਂਝੇ ਬੱਚਿਆਂ ਲਈ ਕੁਝ ਕਰਨ ਦੀ ਸੀ।

ਗਗਨ ਨੇ ਇਹ ਸਾਈਕਲ ਯਾਤਰਾ ਕਿਸੇ ਰਿਕਾਰਡ ਬੁੱਕ ਵਿਚ ਦਰਜ ਕਰਾਉਣ ਲਈ ਨਹੀਂ ਕੀਤੀ। ਗਰੀਬ ਅਤੇ ਵਾਂਝੇ ਬੱਚਿਆਂ ਲਈ ਉਨ੍ਹਾਂ ਨੇ ਇਹ ਹਿੰਮਤੀ ਕਦਮ ਚੁੱਕਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ 'ਸੇਵ ਦਿਚਿਲਡਰਨ' NGO ਨਾਲ ਸਹਿਯੋਗ ਕੀਤਾ। ਗਗਨ ਖੋਸਲਾ ਨੇ ਕਿਹਾ ਕਿ ਸਾਲ 2021 ਵਿਚ ਅਸੀਂ ਸੇਵ ਦਿ ਚਿਲਡਰਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਆਪਣਾ ਵਿਚਾਰ ਸਾਂਝਾ ਕੀਤਾ। ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਲਈ ਮੈਂ ਸਾਈਕਲ ਰਾਈਡ ਲਈ ਕਿਹਾ। 

6 ਹਜ਼ਾਰ ਕਿਲੋਮੀਟਰ ਦੀ ਇਸ ਯਾਤਰਾ ਵਿਚ ਗਗਨ ਦੇ ਇਸ ਅਨੋਖੇ ਸੁਫ਼ਨੇ ਨੂੰ ਪੂਰਾ ਕਰਨ 'ਚ ਦੋਸਤਾਂ ਅਤੇ ਉਸ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਯਾਤਰਾ ਦੌਰਾਨ ਖਾਣਾ ਬਣਾਉਣ ਲਈ ਉਨ੍ਹਾਂ ਨਾਲ ਰਸੋਈਆ ਵੀ ਸੀ। ਸਿਕਸ-ਲੇਨ ਹਾਈਵੇਅ 'ਤੇ ਸਾਈਕਲ ਚਲਾਉਣਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਇਸ ਖ਼ਤਰੇ ਨੂੰ ਵੇਖਦੇ ਹੋਏ ਬਹੁਤ ਸਾਵਧਾਨੀ ਨਾਲ ਖੋਸਲਾ ਨੇ ਯਾਤਰਾ ਕੀਤੀ। ਯਾਤਰਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ 'ਤੇ ਸਾਈਕਲ ਚਲਾਉਣਾ ਸੁਰੱਖਿਅਤ ਨਹੀਂ ਹੈ। 

ਖੋਸਲਾ ਨੇ ਕਿਹਾ ਕਿ ਮੈਂ ਖ਼ੁਦ ਨੂੰ ਕਿਹਾ ਕਿ ਮੈਂ ਜੋ ਕਰ ਰਿਹਾ ਹਾਂ, ਉਸ 'ਤੇ ਸਵਾਲ ਨਹੀਂ ਚੁੱਕਾਂਗਾ ਕਿਉਂਕਿ ਅਜਿਹਾ ਕੁਝ ਕਰਨ 'ਤੇ ਇਸ ਦੇ ਨਤੀਜੇ ਘਾਤਕ ਸਾਬਤ ਹੋ ਸਕਦੇ ਹਨ। ਖੋਸਲਾ ਸਿੱਖਿਆ ਦੇ ਨਾਲ-ਨਾਲ ਵਾਤਾਵਰਣ, ਸਵੱਛਤਾ ਅਤੇ ਫਿਟਨੈੱਸ ਨੂੰ ਲੈ ਕੇ ਸੰਦੇਸ਼ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦੀ ਯਾਤਰਾ ਦੇ ਦੋ ਹੈਸ਼ਟੈਗ ਸਨ- #PedalForChildren ਅਤੇ  #ShutUpPain। ਖੋਸਲਾ ਨੇ ਦੱਸਿਆ ਕਿ ਅਸੀਂ ਸਰੀਰਕ ਦਰਦ ਮਹਿਸੂਸ ਕਰਦੇ ਹਾਂ ਪਰ ਕਈ ਵਾਰ ਸਾਡੇ ਆਲੇ-ਦੁਆਲੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੋਕ ਹੁੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਦਰਦ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਇਸ ਦੇ ਲਈ ਸਾਨੂੰ ਹਰ ਤਰ੍ਹਾਂ ਨਾਲ ਫਿੱਟ ਰਹਿਣ ਦੀ ਲੋੜ ਹੈ। ਇਸ ਫਿਟਨੈੱਸ ਦੀ ਮਦਦ ਨਾਲ ਹੀ ਉਹ ਇਸ ਸਫ਼ਰ ਨੂੰ ਪੂਰਾ ਕਰ ਸਕਿਆ।