''ICU ਵਿਚ ਹੈ ਅਰਥ ਵਿਵਸਥਾ, ਮੋਦੀ ਸਰਕਾਰ ਗਰੀਬਾਂ ਦੀ ਵਿਰੋਧੀ''
ਆਰਥਿਕ ਮੋਰਚੇ ਉੱਤੇ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿ ਰਹੀ ਹੈ ਮੋਦੀ ਸਰਕਾਰ
ਨਵੀਂ ਦਿੱਲੀ : ਆਰਥਿਕ ਮੋਰਚੇ ਉੱਤੇ ਸੁਸਤ ਨਜ਼ਰ ਆ ਰਹੀ ਮੋਦੀ ਸਰਕਾਰ 'ਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿੰਦਬਰਮ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਵੇਲੇ ਆਈਸੀਯੂ ਵਿਚ ਹੈ ਅਤੇ ਇਹ ਸਰਕਾਰ ਗਰੀਬਾਂ ਦੀ ਵਿਰੋਧੀ ਹੈ।
ਅੱਜ ਸ਼ਨਿੱਚਰਵਾਰ ਨੂੰ ਹੈਦਰਾਬਾਦ ਵਿਚ ਇਕ ਸਮਾਗਮ ਦੌਰਾਨ ਚਿੰਦਬਰਮ ਨੇ ਕਿਹਾ ਕਿ ਨੋਟਬੰਦੀ ਇਕ ਇਤਿਹਾਸਿਕ ਗਲਤੀ ਸੀ। ਇਹ ਅਜ਼ਾਦ ਭਾਰਤ ਨੂੰ ਸੱਭ ਤੋਂ ਵੱਡਾ ਧੋਖਾ ਸੀ। ਇਸ ਦੇ ਕਾਰਨ ਨੌਕਰੀਆਂ ਵਿਚ ਕਮੀ ਆਈ ਹੈ ਅਤੇ ਛੋਟੇ ਤੇ ਮੱਧਮ ਉਦਯੋਗ ਤਬਾਹ ਹੋ ਗਏ ਹਨ।
ਚਿੰਦਬਰਮ ਨੇ ਕਿਹਾ ਕਿ ਨੋਟਬੰਦੀ ਕਰਕੇ ਰੋਜ਼ਗਾਰ ਖਤਮ ਹੋ ਗਏ ਹਨ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਮਾਈਕਰੋ ਮੀਡੀਅਮ ਇੰਡਸਟਰੀ ਵੀ ਤਬਾਹ ਹੋ ਗਈ ਹੈ। ਚਿੰਦਬਰਮ ਅਨੁਸਾਰ ਸਰਕਾਰ ਨੇ ਦੂਜੀ ਗਲਤੀ ਜੀਐਸਟੀ ਲਿਆ ਕੇ ਕੀਤੀ ਹੈ ਅਤੇ ਸਿੰਗਲ ਟੈਕਸ ਦਾ ਵਿਚਾਰ ਬਹੁਤ ਵਧੀਆਂ ਸੀ ਪਰ ਮੌਜੂਦਾ ਜੀਐਸਟੀ ਟੈਕਸ ਸਿੰਗਲ ਨਹੀਂ ਹੈ ਅਤੇ ਇਸ ਦੇ ਲਈ ਅਪਣਾਈ ਜਾਣ ਵਾਲੀ ਪ੍ਰਣਾਲੀ ਸਹੀ ਨਹੀਂ ਹੈ।
ਸਾਬਕਾ ਵਿੱਤ ਮੰਤਰੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਹੈ ਕਿ ਇਹ ਸਰਕਾਰ ਗਰੀਬ ਵਿਰੋਧੀ ਸਰਕਾਰ ਹੈ। ਸਰਕਾਰ ਦੀਆਂ ਨੀਤੀਆ ਕਰਕੇ ਫੈਕਟਰੀ ਕੇਵਲ 70 ਫ਼ੀਸਦੀ ਕੰਮ ਕਰ ਪਾ ਰਹੀ ਹੈ। ਪਲਾਂਟ ਲੋਡ ਫੈਕਟਰ ਸਿਰਫ 45 ਫ਼ੀਸਦੀ ਹੈ। ਆਟੋਮੋਬਾਇਲ ਇਵੈਂਟ 50 ਫ਼ੀਸਦੀ ਸਮਰੱਥਾ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈ।
ਚਿੰਦਬਰਮ ਨੇ ਅਰਥਵਿਵਸਥਾ ਨੂੰ ਲੈ ਕੇ ਅੱਗੇ ਕਿਹਾ ਕਿ ਇਸ ਵਿਚ ਸੁਧਾਰ ਹੋਣ ਦੇ ਸੰਕੇਤ ਦਿਖਾਈ ਨਹੀਂ ਦੇ ਰਹੇ ਹਨ ਕਿਉਂਕਿ ਵਿੱਤ ਮੰਤਰੀ ਅਰਥਵਿਵਸਥਾ ਦੀ ਖਰਾਬ ਹਾਲਤ 'ਤੇ ਇਕ ਸ਼ਬਦ ਤੱਕ ਨਹੀਂ ਬੋਲ ਪਾ ਰਹੀ ਹੈ।