ਚੋਣ ਕਮਿਸ਼ਨ ਨੂੰ ਭਾਜਪਾ ਨੇਤਾਵਾਂ ਵਿਰੁਧ ਮਿਲੀਆਂ ਸਭ ਤੋਂ ਵੱਧ ਚੋਣ ਜ਼ਾਬਤਾ ਉਲੰਘਣ ਦੀਆਂ ਸ਼ਿਕਾਇਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਲ ਮਾਮਲਿਆਂ ਵਿਚ 40 ਮਾਮਲਿਆਂ ਦਾ ਚੋਣ ਕਮਿਸ਼ਨ ਨੇ ਕੀਤਾ ਨਿਬੇੜਾ

Election Commission of India

ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਦੌਰਾਨ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਜਿਨ੍ਹਾਂ 40 ਮਾਮਲਿਆਂ ਦਾ ਨਿਬੇੜਾ ਕੀਤਾ ਹੈ, ਇਕ ਵਿਸ਼ਵੇਸ਼ਣ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਮਾਮਲਿਆਂ ਵਿਚੋਂ ਜ਼ਿਆਦਾਤਰ ਮਾਮਲੇ ਭਾਜਪਾ ਨੇਤਾਵਾਂ ਵਿਰੁਧ ਸਨ। ਸੂਤਰਾਂ ਮੁਤਾਬਕ, ਚੋਣ ਕਮਿਸ਼ਨ ਨੂੰ ਅਪਣੇ ਹੈੱਡਕੁਆਰਟਰ ’ਚ ਕੁੱਲ 46 ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਵਿਚੋਂ 40 ਦਾ ਨਿਬੇੜਾ ਹੋ ਚੁੱਕਿਆ ਹੈ ਜਦਕਿ ਬਾਕੀ ਛੇ ਮਾਮਲੇ ਅਜੇ ਵਿਚਾਰ ਅਧੀਨ ਹਨ।

ਮਿਲੀਆਂ ਕੁੱਲ ਸ਼ਿਕਾਇਤਾਂ ਵਿਚੋਂ 29 ਭਾਜਪਾ ਨੇਤਾਵਾਂ ਵਿਰੁਧ, 13 ਕਾਂਗਰਸ ਨੇਤਾਵਾਂ ਵਿਰੁਧ, ਦੋ ਸਮਾਜਵਾਦੀ ਪਾਰਟੀ ਨੇਤਾਵਾਂ ਵਿਰੁਧ ਅਤੇ ਇਕ-ਇਕ ਟੀਆਰਐਸ ਅਤੇ ਬਸਪਾ ਨੇਤਾਵਾਂ ਵਿਰੁਧ ਸਨ। ਭਾਜਪਾ ਨੇਤਾਵਾਂ ਵਿਰੁਧ ਮਿਲੀਆਂ 29 ਸ਼ਿਕਾਇਤਾਂ ਵਿਚੋਂ 15 ਮਾਮਲਿਆਂ ਵਿਚ ਚੋਣ ਪ੍ਰਚਾਰ ’ਤੇ ਰੋਕ ਲਗਾਉਣ, ਐਫ਼ਆਈਆਰ ਦਰਜ ਕਰਵਾਉਣ, ਚਿਤਾਵਨੀ ਦੇਣ ਅਤੇ ਸਲਾਹ ਦੇਣ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ।

10 ਮਾਮਲਿਆਂ ਵਿਚ ਕੋਈ ਉਲੰਘਣਾ ਨਹੀਂ ਪਾਈ ਗਈ ਜਦਕਿ ਬਾਕੀ ਸ਼ਿਕਾਇਤਾਂ ਵਿਚਾਰ ਅਧੀਨ ਹਨ। ਭਾਜਪਾ ਨੂੰ ਜਿਨ੍ਹਾਂ 10 ਮਾਮਲਿਆਂ ਵਿਚ ਕਲੀਨ ਚਿਟ ਮਿਲੀ ਉਨ੍ਹਾਂ ਵਿਚੋਂ ਨੌਂ ਮਾਮਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁਧ ਸਨ। ਦੱਸ ਦਈਏ ਕਿ ਜਿਹੜੇ ਪਹਿਲੇ ਪੰਜ ਮਾਮਲਿਆਂ ਵਿਚ ਮੋਦੀ ਤੇ ਸ਼ਾਹ ਨੂੰ ਚੋਣ ਕਮਿਸ਼ਨ ਨੇ ਕਲੀਨ ਚਿਟ ਦਿਤੀ ਸੀ ਉਨ੍ਹਾਂ ਵਿਚ ਤਿੰਨ ਵਿਚੋਂ ਇਕ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਅਲੱਗ ਤੋਂ ਵਿਚਾਰ ਅਧੀਨ ਰੱਖਿਆ ਸੀ।

ਇਨ੍ਹਾਂ ਮਾਮਲਿਆਂ ਵਿਚ ਆਖ਼ਰੀ ਫ਼ੈਸਲਾ 2-1 ਦੀ ਬਹੁਮਤ ਨਾਲ ਲਿਆ ਗਿਆ ਸੀ। ਉਥੇ ਹੀ, ਕਾਂਗਰਸ ਨੇਤਾਵਾਂ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਜੋ ਮਾਮਲੇ ਦਰਜ ਹੋਏ ਸਨ ਉਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਮਾਮਲਿਆਂ ਵਿਚ ਉਨ੍ਹਾਂ ਨੂੰ ਕਲੀਨ ਚਿਟ ਮਿਲੀ ਗਈ ਸੀ। ਜਿਹੜੇ ਸੱਤ ਮਾਮਲਿਆਂ ਵਿਚ ਕਾਂਗਰਸ ਨੂੰ ਕਲੀਨ ਚਿਟ ਮਿਲੀ ਉਨ੍ਹਾਂ ਵਿਚੋਂ ਤਿੰਨ ਮਾਮਲੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਰੁਧ ਸਨ।

ਉਥੇ ਹੀ, ਕਾਂਗਰਸ ਨੇਤਾ ਕਮਲ ਨਾਥ ਅਤੇ ਸਲਮਾਨ ਖੁਰਸ਼ੀਦ ਵਿਰੁਧ ਸ਼ਿਕਾਇਤਾਂ ਨੂੰ ਵੀ ਕਾਰਵਾਈ ਲਾਇਕ ਨਹੀਂ ਪਾਇਆ ਗਿਆ ਸੀ। ਪ੍ਰਚਾਰ ਦੇ ਦੌਰਾਨ ਫ਼ੌਜ ਦੇ ਸਾਹਸ ਦਾ ਮੋਦੀ ਵਲੋਂ ਜ਼ਿਕਰ ਕਰਨ ਦੇ ਮਾਮਲੇ ਵਿਚ ਦਿਤੀ ਗਈ ਸ਼ਿਕਾਇਤ ਉਤੇ ਕਮਿਸ਼ਨ ਦੁਆਰਾ ਪ੍ਰਧਾਨ ਮੰਤਰੀ ਨੂੰ ਇਕ ਚੋਣ ਕਮਿਸ਼ਨਰ ਦੇ ਅਸਹਿਮਤ ਫ਼ੈਸਲੇ ਦੇ ਬਾਵਜੂਦ ਕਲੀਨ ਚਿਟ ਦਿਤੇ ਜਾਣ ਦੇ ਸਵਾਲ ਉਤੇ ਉਪ ਚੋਣ ਕਮਿਸ਼ਨਰ ਸੰਦੀਪ ਸ਼੍ਰੀਵਾਸਤਵ ਨੇ ਸਪੱਸ਼ਟ ਕੀਤਾ ਕਿ ਇਕੋ ਜਿਹੇ ਰੂਪ ਤੋਂ ਕਮਿਸ਼ਨ ਦੁਆਰਾ ਸਾਰੇ ਚੋਣ ਕਮਿਸ਼ਨਰਾਂ ਦੇ ਫ਼ੈਸਲੇ ਦੇ ਆਧਾਰ ਉਤੇ ਸਰਵਸੰਮਤੀ ਨਾਲ ਫ਼ੈਸਲਾ ਦਿਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਕਿਸੇ ਚੋਣ ਕਮਿਸ਼ਨਰ ਦੀ ਅਸਹਿਮਤੀ ਹੋਣ ’ਤੇ ਬਹੁਮਤ ਦੇ ਆਧਾਰ ਉਤੇ ਫ਼ੈਸਲਾ ਕੀਤਾ ਜਾਂਦਾ ਹੈ। ਮੋਦੀ ਦੇ ਮਾਮਲੇ ਵਿਚ ਵੀ ਇਹੀ ਸਥਿਤੀ ਹੈ। ਇਸ ਦੌਰਾਨ ਚੋਣ ਕਮਿਸ਼ਨ ਦੇ ਮਹਾਨਿਰਦੇਸ਼ਕ ਧੀਰੇਂਦਰ ਓਝਾ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਕਮਿਸ਼ਨ ਨੂੰ ਫਰਜ਼ੀ ਖ਼ਬਰਾਂ ਦੀਆਂ 189 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿਚ ਪੰਜਵੇਂ ਪੜਾਅ ਦੇ ਮਤਦਾਨ ਦੌਰਾਨ ਮਿਲੀਆਂ ਅੱਠ ਸ਼ਿਕਾਇਤਾਂ ਵੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਆਧਾਰ ਉਤੇ ਕਮਿਸ਼ਨ ਨੇ ਫੇਸਬੁੱਕ ਤੋਂ ਚੋਣ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 601 ਪੋਸਟਾਂ ਹਟਾਈਆ ਹਨ, ਜਦਕਿ ਟਵਿੱਟਰ ਤੋਂ 52 ਪੋਸਟਾਂ ਅਤੇ ਯੂਟਿਊਬ ਤੋਂ ਪੰਜ ਪੋਸਟਾਂ ਹਟਾਈਆਂ ਗਈਆਂ ਹਨ। ਇਸ ਦੌਰਾਨ ਵਾਟਸਐਪ ਤੋਂ ਵੀ ਅਜਿਹੇ ਤਿੰਨ ਮੈਸੇਜ ਹਟਾਏ ਗਏ।