ਪੀਐਮ ਮੋਦੀ ਵਾਰ-ਵਾਰ ਕਰ ਰਹੇ ਨੇ ਚੋਣ ਜ਼ਾਬਤੇ ਦੀ ਉਲੰਘਣਾ: ਸਾਬਕਾ ਮੁੱਖ ਚੋਣ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤਲਾਸ਼ੀ ਲੈਣ ਵਾਲੇ ਚੋਣ ਨਿਗਰਾਨ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰਨ ਦੀ ਘਟਨਾ 'ਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਸਵਾਲ ਖੜਾ ਕੀਤਾ ਹੈ।

S. Y. Quraishi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤਲਾਸ਼ੀ ਲੈਣ ਵਾਲੇ ਚੋਣ ਨਿਗਰਾਨ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰਨ ਦੀ ਘਟਨਾ ਤੋਂ ਬਾਅਦ ਸਾਬਕਾ ਮੁੱਖ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਸਵਾਲ ਖੜਾ ਕੀਤਾ ਹੈ। ਕੁਰੈਸ਼ੀ ਨੇ ਟਵੀਟ ਕਰਕੇ ਕਿਹਾ ਹੈ ਕਿ ਓਡੀਸ਼ਾ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਨਿਗਰਾਨ ਨੂੰ ਮੁਅੱਤਲ ਕਰਨਾ ਨਾ ਸਿਰਫ ਬਦਕਿਸਮਤੀ ਹੈ ਬਲਕਿ ਅਸੀਂ ਚੋਣ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਦੇ ਅਕਸ ਨੂੰ ਸੁਧਾਰਨ ਦਾ ਵਧੀਆ ਮੌਕਾ ਗੁਆ ਦਿੱਤਾ ਹੈ। ਦੋਵੇਂ ਸੰਸਥਾਵਾਂ ਦੀ ਜਨਤਾ ਪ੍ਰਤੀ ਜਵਾਬਦੇਹੀ ਹੈ।

 


 

ਉਹਨਾਂ ਕਿਹਾ ਪ੍ਰਧਾਨ ਮੰਤਰੀ ਲਗਾਤਾਰ ਚੋਣ ਜ਼ਾਬਤੇ ਦਾ ਉਲੰਘਣ ਕਰ ਰਹੇ ਹਨ ਅਤੇ ਚੋਣ ਕਮਿਸ਼ਨ ਹਰ ਵਾਰ ਇਸ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਐਸਵਾਈ ਕੁਰੈਸ਼ੀ ਨੇ ਕਿਹਾ ਕਿ ਕਾਨੂੰਨ ਸਭਨਾਂ ‘ਤੇ ਲਾਗੂ ਹੁੰਦਾ ਹੈ ਚਾਹੇ ਉਹ ਪ੍ਰਧਾਨਮੰਤਰੀ ਹੋਣ ਜਾਂ ਆਮ ਨਾਗਰਿਕ। ਉਹਨਾਂ ਕਿਹਾ ਜੇਕਰ ਹੈਲੀਕਾਪਟਰ ਦੀ ਜਾਂਚ ਕਰਨ ਦੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਨਾਲ ਚੋਣ ਕਮਿਸ਼ਨ ਅਤੇ ਪ੍ਰਧਾਨਮੰਤਰੀ ਦਫਤਰ ਵਰਗੀਆਂ ਸੰਸਥਾਵਾਂ ਦੀ ਕੀਤੀ ਜਾ ਰਹੀ ਨਿੰਦਾ ਰੁਕ ਜਾਂਦੀ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ।

ਉਹਨਾਂ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਜਾਂਚ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਵੀਨ ਪਟਨਾਇਕ ਦੀਆਂ ਅੱਖਾਂ ਸਾਹਮਣੇ ਚੋਣ ਕਮਿਸ਼ਨ ਦੀ ਟੀਮ ਨੇ ਉਹਨਾਂ ਦੇ ਹੈਲੀਕਾਪਟਰ ਦੀ ਜਾਂਚ ਕੀਤੀ। ਪਟਨਾਇਕ ਨੇ ਇਸ ਨੂੰ ਲੈ ਕੇ ਕੋਈ ਪ੍ਰਤੀਕਰਮ ਦੇਣ ਦੀ ਬਜਾਏ ਇਸਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਉਹ ਅਸਲ ਨੇਤਾ ਹਨ ਅਤੇ ਸਾਨੂੰ ਅਜਿਹੇ ਨੇਤਾਵਾਂ ਦੀ ਜ਼ਰੂਰਤ ਹੈ।

ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਸੰਬਲਪੁਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਰੂਪ ਵਿਚ ਜਾਂਚ ਕਰਨ ਲਈ ਚੋਣ ਕਮਿਸ਼ਨ ਨੇ ਓਡੀਸ਼ਾ ਦੇ ਚੋਣ ਨਿਗਰਾਨ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਸੀ। ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਸੀ ਕਿ ਕਰਨਾਟਕ ਕੈਡਰ ਦੇ 1996 ਬੈਚ ਦੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੇ ਐਸਪੀਜੀ ਸੁਰੱਖਿਆ ਨਾਲ ਜੁੜੇ ਚੋਣ ਕਮਿਸ਼ਨ ਦੇ ਨਿਰਦੇਸ਼ ਦਾ ਪਾਲਣ ਨਹੀਂ ਕੀਤਾ ਸੀ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਸੰਬਲਪੁਰ ਵਿਚ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕਰਨਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਨਹੀਂ ਸੀ। ਐਸਪੀਜੀ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਅਜਿਹੀ ਜਾਂਚ ਤੋਂ ਛੁੱਟ ਪ੍ਰਾਪਤ ਹੁੰਦੀ ਹੈ।