ਸੋਚ ਨੂੰ ਸਲਾਮ... ਫ਼ੀਸ ਲਈ ਪੈਸੇ ਨਹੀਂ, ਸਗੋਂ ਬੱਚਿਆਂ ਤੋਂ ਪਲਾਸਟਿਕ ਕਚਰਾ ਲਿਆ ਜਾਂਦੈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਲ 'ਚ ਆਰਥਿਕ ਰੂਪ ਨਾਲ ਕਮਜ਼ੋਰ 110 ਤੋਂ ਵੱਧ ਬੱਚੇ ਪੜ੍ਹ ਰਹੇ ਹਨ

Guwahati School Leads By Example, Accepts Plastic Waste As School Fees

ਗੁਹਾਟੀ : ਪਲਾਸਟਿਕ ਪ੍ਰਦੂਸ਼ਣ ਅੱਜ ਦੁਨੀਆਂ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ, ਜਿਸ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਇਸੇ ਦਿਸ਼ਾ 'ਚ ਗੁਹਾਟੀ ਦੇ 'ਅੱਖਰ' ਸਕੂਲ ਨੇ ਇਕ ਸ਼ਲਾਘਾਯੋਗ ਪਹਿਲ ਸ਼ੁਰੂ ਕੀਤੀ ਹੈ। ਇਸ ਸਕੂਲ 'ਚ ਬੱਚਿਆਂ ਤੋਂ ਫੀਸ ਦੀ ਥਾਂ ਪਲਾਸਟਿਕ ਕਚਰਾ ਲਿਆ ਜਾਂਦਾ ਹੈ।

ਸਕੂਲ 'ਚ ਆਰਥਿਕ ਰੂਪ ਨਾਲ ਕਮਜ਼ੋਰ 110 ਤੋਂ ਵੱਧ ਬੱਚੇ ਪੜ੍ਹਦੇ ਹਨ। ਇਹ ਸਕੂਲ ਬੱਚਿਆਂ ਅਤੇ ਉਥੇ ਦੇ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰ ਰਿਹਾ ਹੈ। 'ਅੱਖਰ' ਸਕੂਲ ਨੂੰ 2016 'ਚ ਪਰਮਿਤਾ ਸ਼ਰਮਾ ਅਤੇ ਮਾਜਿਨ ਮੁਖ਼ਤਰ ਨੇ ਸ਼ੁਰੂ ਕੀਤਾ ਸੀ। ਸਕੂਲ 'ਚ ਬੱਚਿਆਂ ਤੋਂ ਹਫ਼ਤੇ ਫ਼ੀਸ ਵਜੋਂ ਪਲਾਸਟਿਕ ਦੇ ਪੁਰਾਣੇ ਅਤੇ ਖ਼ਰਾਬ ਹੋ ਚੁੱਕੇ 10 ਤੋਂ 20 ਸਮਾਨ ਮੰਗਵਾਏ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਪਲਾਸਟਿਕ ਨਾ ਸਾੜਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ।

ਇਨ੍ਹਾਂ ਇਕੱਤਰ ਪਲਾਸਟਿਕ ਦੀਆਂ ਚੀਜ਼ਾਂ ਨੂੰ ਰਿਸਾਈਕਲ ਕਰ ਕੇ ਦੂਜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਸ ਸਕੂਲ ਨੂੰ ਬਣਾਉਣ 'ਚ ਪਲਾਸਟਿਕ ਨਾਲ ਬਣੀਆਂ ਈਕੋ ਬ੍ਰਿਕਸ ਦੀ ਹੀ ਵਰਤੋਂ ਕੀਤੀ ਗਈ ਹੈ। ਪਰਮਿਤਾ ਸ਼ਰਮਾ, ਜੋ ਸਮਾਜਕ ਵਿਗਿਆਨ ਇੰਸਟੀਚਿਊਟ ਗੁਹਾਟੀ ਤੋਂ ਮਾਸਟਰਜ਼ ਕਰ ਰਹੀ ਹੈ, ਨੇ ਦੱਸਿਆ ਕਿ ਇਸ ਸਕੂਲ 'ਚ ਗਣਿਤ, ਵਿਗਿਆਨ, ਭੁਗੋਲ ਦੇ ਨਾਲ ਵਪਾਰਕ ਹੁਨਰ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਸਕੂਲ 'ਚ ਜ਼ਿਆਦਾਤਰ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਸਕੂਲ ਭੇਜਣ ਦੇ ਸਮਰਥ ਨਹੀਂ ਸਨ। ਅਜਿਹੇ ਬੱਚਿਆਂ ਅਤੇ ਉਸ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਮਾਜਿਨ ਮੁਖ਼ਤਰ ਨਿਊਯਾਰਕ 'ਚ ਰਹਿੰਦਾ ਸੀ।  ਉਹ ਇੱਥੇ ਸਕੂਲ ਖੋਲ੍ਹਣ ਦੀ ਯੋਜਨਾ ਲੈ ਕੇ ਆਇਆ ਸੀ। ਉਸ ਨੇ ਕੁਝ ਸਮੇਂ ਤੱਕ ਲਖ਼ੀਮਪੁਰ 'ਚ ਦੂਜੇ ਸਕੂਲਾਂ ਲਈ ਕੰਮ ਕੀਤਾ। ਬਾਅਦ 'ਚ ਪਰਮਿਤਾ ਨਾਲ ਮਿਲ ਕੇ ਗੁਹਾਟੀ ਦੇ ਪਾਮੋਹੀ 'ਚ ਅੱਖਰ ਨਾਂ ਦੇ ਸਕੂਲ ਦੀ ਸ਼ੁਰੂਆਤ ਕੀਤੀ। ਦੋਨਾਂ ਨੇ ਸਾਲ 2018 'ਚ ਵਿਆਹ ਕਰਵਾ ਲਿਆ।