25 ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋਈ 'ਬਾਈਕਿੰਗ ਕੁਈਨ' ਦੀ ਤਿੱਕੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ਾਂ 'ਚ ਨਾਰੀ ਸ਼ਕਤੀਕਰਨ ਦਾ ਸੰਦੇਸ਼ ਦੇਣਗੀਆਂ 'ਬਾਈਕਿੰਗ ਕੁਈਨ'

3 women bikers to ride from Varanasi to London for women empowerment

ਨਵੀਂ ਦਿੱਲੀ- ਦੇਸ਼-ਵਿਦੇਸ਼ ਵਿਚ ਨਾਰੀ ਸ਼ਕਤੀਕਰਨ ਦਾ ਸੰਦੇਸ਼ ਦੇਣ ਸੂਰਤ ਤੋਂ ਆਈ 'ਬਾਈਕਿੰਗ ਕੁਈਨ' ਦੀ ਤਿੱਕੜੀ ਪੰਜ ਜੂਨ ਨੂੰ ਵਾਰਾਨਾਸੀ ਤੋਂ 25 ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋ ਗਈ। ਬਾਈਕਿੰਗ ਕੁਈਨ ਦੀ ਸੰਸਥਾਪਕ ਡਾ. ਸਾਰਿਕਾ ਮੇਹਤਾ ਅਪਣੀਆਂ ਦੋ ਸਾਥਣਾਂ ਜਿਨਲ ਸ਼ਾਹ ਅਤੇ ਰੂਤਾਲੀ ਪਟੇਲ ਦੇ ਨਾਲ ਬਾਈਕਸ 'ਤੇ ਹੀ ਲੰਡਨ ਲਈ ਰਵਾਨਾ ਹੋਈਆਂ।

ਡਾ. ਸਾਰਿਕਾ ਮੇਹਤਾ ਦਾ ਕਹਿਣਾ ਹੈ ਕਿ ਅਸੀਂ ਨਾਰੀ ਸ਼ਕਤੀਕਰਨ ਦਾ ਸੰਦੇਸ਼ ਲੈ ਕੇ 25 ਦੇਸ਼ਾਂ ਦੀ ਯਾਤਰਾ 'ਤੇ ਜਾ ਰਹੇ ਹਾਂ। ਇਸ ਯਾਤਰਾ ਦੌਰਾਨ ਵੱਖ-ਵੱਖ ਦੇਸ਼ਾਂ ਵਿਚਲੇ ਐਨਜੀਓ ਅਤੇ ਭਾਰਤੀ ਅੰਬੈਂਸੀ ਵਲੋਂ ਇਸ ਵਿਚ ਪੂਰੀ ਮਦਦ ਕੀਤੀ ਜਾਵੇਗੀ। ਸਾਰਿਕਾ ਕਲੀਨਿਕਲ ਸਾਈਕੋਲਾਜਿਸਟ ਹੈ। ਜਿਨਲ ਹਾਊਸ ਵਾਈਫ਼ ਅਤੇ ਰੂਤਾਲੀ ਐਮਬੀਏ ਦੀ ਵਿਦਿਆਰਥਣ ਹੈ। ਇਨ੍ਹਾਂ ਦੀ ਯਾਤਰਾ ਕਰੀਬ ਤਿੰਨ ਮਹੀਨੇ ਤੱਕ ਚੱਲੇਗੀ, ਜਿਸ ਵਿਚ ਉਹ 25 ਦੇਸ਼ਾਂ ਤੋਂ ਗੁਜ਼ਰਦੇ ਹੋਏ 25 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਨਗੀਆਂ।

ਯਾਤਰਾ ਨੇਪਾਲ, ਭੂਟਾਨ, ਮਿਆਂਮਾਰ, ਲਾਓਸ, ਚੀਨ, ਕਿਰਗਿਸਤਾਨ, ਉਜ਼ਬੇਕਿਸਤਾਨ, ਕਜਾਕਿਸਤਾਨ, ਰੂਸ, ਲਟਵੀਆ, ਲਿਥਵੇਨੀਆ, ਪੋਲੈਂਡ, ਚੈੱਕ ਗਣਰਾਜ, ਜਰਮਨੀ, ਆਸਟਰੀਆ, ਸਵਿੱਟਜ਼ਰਲੈਂਡ, ਫਰਾਂਸ, ਨੀਦਰਲੈਂਡ, ਬੈਲਜ਼ੀਅਮ, ਸਪੇਨ ਅਤੇ ਮੋਰੱਕੋ ਤੋਂ ਹੁੰਦੇ ਹੋਏ ਇੰਗਲੈਂਡ ਪਹੁੰਚ ਕੇ ਸਮਾਪਤ ਹੋਵੇਗੀ ਇਸੇ ਦੌਰਾਨ ਬਾਈਕਿੰਗ ਕੁਈਨ ਦੀ ਟੀਮ 15 ਅਗਸਤ ਨੂੰ ਸਪੇਨ ਵਿਚ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਏਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਈਕਿੰਗ ਕੁਈਨ ਏਸ਼ੀਆ ਦੇ 10 ਦੇਸ਼ਾਂ ਅਤੇ 2017 ਵਿਚ ਬਾਈਕ 'ਤੇ ਪੂਰੇ ਭਾਰਤ ਦੀ ਯਾਤਰਾ ਕਰ ਚੁੱਕੀਆਂ ਹਨ। ਜਿਸ ਤਹਿਤ ਉਨ੍ਹਾਂ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦੇ ਮੁੱਦੇ 'ਤੇ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਸੀ।