ਨਵੀਂ ਦਿੱਲੀ: ਬੀਜੇਪੀ ਆਗੂ ਰਾਮ ਮਾਧਵ ਨੇ ਕਿਹਾ ਕਿ ਦੇਸ਼ ਨੂੰ ਮਜਬੂਤ ਅਤੇ ਸਮਰੱਥ ਸਰਕਾਰ ਮਿਲ ਚੁੱਕੀ ਹੈ। ਹੁਣ ਇਹ ਸਰਕਾਰ ਅਗਲੇ ਸਮੇਂ ਤਕ ਚੱਲੇਗੀ। ਤ੍ਰਿਪੁਰਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਰਾਮ ਮਾਧਵ ਨੇ ਦਾਅਵਾ ਕੀਤਾ ਕਿ ਜਦੋ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਉਦੋਂ ਕੇਂਦਰ ਦੀ ਸੱਤਾ ਵਿਚ ਭਾਜਪਾ ਦੀ ਹੀ ਸਰਕਾਰ ਹੋਵੇਗੀ।
ਭਾਜਪਾ ਲੋਕਾਂ ਨੂੰ ਇਕ ਅਜਿਹਾ ਚੰਗਾ ਸ਼ਾਸ਼ਨ ਦੇਣ ਵਾਲੀ ਹੈ ਕਿ 2047 ਵਿਚ ਜਦੋਂ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਭਾਜਪਾ ਹੀ ਸੱਤਾ ਵਿਚ ਰਹੇਗੀ। ਅਜਿਹਾ ਨਹੀਂ ਹੈ ਕਿ ਰਾਮ ਮਾਧਵ ਹੀ ਪਹਿਲੇ ਭਾਜਪਾ ਆਗੂ ਹਨ ਜਿਹਨਾਂ ਨੇ ਅਜਿਹੀ ਭਵਿੱਖਵਾਣੀ ਕੀਤੀ ਹੋਵੇ। ਉਹਨਾਂ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹਿਣ ਦੌਰਾਨ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੁਝ ਅਜਿਹੀ ਹੀ ਭਵਿੱਖਵਾਣੀ ਕੀਤੀ ਸੀ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ 2019 ਦੀਆਂ ਚੋਣਾਂ ਭਾਜਪਾ ਹੀ ਜਿੱਤੇਗੀ ਅਤੇ ਅਗਲੇ 50 ਸਾਲਾਂ ਤਕ ਭਾਜਪਾ ਨੂੰ ਕੋਈ ਵੀ ਹਰਾ ਨਹੀਂ ਸਕੇਗਾ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉਹਨਾਂ ਤੇ ਜ਼ੋਰਦਾਰ ਹਮਲਾ ਬੋਲਿਆ ਸੀ। ਵਿਰੋਧੀ ਆਗੂਆਂ ਨੇ ਸ਼ਾਹ ਨੂੰ ਹੰਕਾਰੀ ਕਹਿ ਦਿੱਤਾ ਸੀ।