ਕੌਮਾਂਤਰੀ ਉਡਾਨਾਂ ਦੀ ਤਿਆਰੀ ਸ਼ੁਰੂ, ਕੁੱਝ ਦੇਸ਼ਾਂ ਦੀ ਹਰੀ ਝੰਡੀ ਦਾ ਇਤਜ਼ਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਜਾਣਕਾਰੀ

international flights

ਨਵੀਂ ਦਿੱਲੀ : ਕਰੋਨਾ ਮਾਹਮਾਰੀ ਕਾਰਨ ਹੋਈ ਪੂਰਨ ਤਾਲਾਬੰਦੀ ਤੋਂ ਬਾਅਦ ਜ਼ਿੰਦਗੀ ਇਕ ਵਾਰ ਫਿਰ ਥਿਰਕਣੀ ਸ਼ੁਰੂ ਹੋ ਗਈ ਹੈ। ਦੁਨੀਆਂ ਭਰ ਦੇ ਦੇਸ਼ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਸਹਿਜੇ-ਸਹਿਜੇ ਸਮਾਪਤ ਕਰ ਕੇ ਕਾਰੋਬਾਰ ਅਤੇ ਹੋਰ ਗਤੀਵਿਧੀਆਂ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਦੌਰਾਨ ਭਾਰਤ ਅੰਦਰ ਵੀ ਆਮ ਜਨ-ਜੀਵਨ ਤੋਂ ਇਲਾਵਾ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਦੇਸ਼ ਅੰਦਰ ਬੀਤੀ 25 ਮਈ ਨੂੰ ਘਰੇਲੂ ਉਡਾਨਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਸਨ।

ਭਾਰਤ ਨੇ ਕੌਮਾਂਤਰੀ ਉਡਾਨਾਂ ਨੂੰ ਵੀ ਮੁੜ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਲਈ ਕੁੱਝ ਦੇਸ਼ਾਂ ਵਲੋਂ ਹਰੀ ਝੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਕਰੋਨਾ ਦੇ ਪ੍ਰਕੋਪ ਕਾਰਨ ਪਿਛਲੇ ਦਿਨਾਂ ਦੌਰਾਨ ਜਪਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਦੇ ਅਪਣੇ ਦੇਸ਼ਾਂ 'ਚ ਪ੍ਰਵੇਸ਼ 'ਤੇ ਪਾਬੰਦੀ ਲਾ ਦਿਤੀ ਸੀ। ਹੁਣ ਜਿਵੇਂ ਹੀ ਇਨ੍ਹਾਂ ਦੇਸ਼ਾਂ ਵਲੋਂ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਵੇਸ਼ ਸਬੰਧੀ ਨਿਯਮਾਂ 'ਚ ਢਿੱਲ ਦਿਤੀ ਜਾਵੇਗੀ, ਭਾਰਤ ਵਲੋਂ ਵਿਦੇਸ਼ੀ ਉਡਾਨਾਂ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ ਜਾਵੇਗਾ।

ਇਸ ਸਬੰਧੀ ਟਵੀਟ ਜ਼ਰੀਏ ਜਾਣਕਾਰੀ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪਪੁਰੀ ਨੇ ਕਿਹਾ ਕਿ ਜਿਵੇਂ ਹੀ ਇਨ੍ਹਾਂ ਦੇਸ਼ਾਂ ਵਲੋਂ ਵਿਦੇਸ਼ੀ ਨਾਗਰਿਕਾਂ ਨੂੰ ਦਾਖ਼ਲੇ ਦੇ ਨਿਯਮਾਂ 'ਚ ਢਿੱਲ ਦਿਤੀ ਜਾਵੇਗੀ, ਕੌਮਾਂਤਰੀ ਉਡਾਨਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਜਾਵੇਗਾ।

ਇਸੇ ਦੌਰਾਨ ਏਅਰ ਇੰਡੀਆ ਨੇ 5 ਜੂਨ ਤੋਂ ਵੰਦੇ ਭਾਰਤ ਮਿਸ਼ਨ ਤਹਿਤ  ਅਮਰੀਕਾ ਅਤੇ ਕਨਾਡਾ ਸਮੇਤ ਵਿਸ਼ਵ ਦੇ ਕਈ ਦੇਸ਼ਾਂ 'ਚ ਜਾਣ ਵਾਲੇ ਯਾਤਰੀਆਂ ਲਈ ਬੂਕਿੰਗ ਦਾ ਕੰਮ ਸ਼ੁਰੂ ਕਰ ਦਿਤਾ ਹੈ। ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਪੰਜ ਜੂਨ ਤੋਂ ਬੂਕਿੰਗ ਕਰਵਾ ਕੇ 9 ਤੋਂ 30 ਜੂਨ, 2020 ਵਿਚਕਾਰਲੇ ਸਮੇਂ 'ਚ ਯਾਤਰਾ ਕੀਤੀ ਜਾ ਸਕੇਗੀ। ਇਹ ਉਡਾਨਾਂ ਅਮਰੀਕਾ ਅਤੇ ਕਨਾਡਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਨਿਊਯਾਰਕ, ਸ਼ਿਕਾਂਗੋ, ਵਾਸ਼ਿੰਗਟਨ, ਸੈਨ ਫਰਾਂਸਿਸਕੋ, ਵੈਨਕੂਵਰ ਅਤੇ ਟਰਾਂਟੋ ਵਰਗੇ ਸ਼ਹਿਰਾਂ ਲਈ ਉਪਲਬਧ ਹੋਵੇਗੀ।

ਹਵਾਬਾਜ਼ੀ ਮੰਤਰੀ ਅਨੁਸਾਰ ਕੌਮਾਂਤਰੀ ਉਡਾਨਾਂ ਦੇ ਨਿਰੰਤਰ ਚੱਲਣ 'ਚ ਅਜੇ ਸਮਾਂ ਲੱਗ ਸਕਦਾ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰ ਅਜੇ ਰੈਡ ਜ਼ੋਨ 'ਚ ਹਨ। ਫਲਸਰੂਪ ਬਾਹਰਲੇ ਸ਼ਹਿਰਾਂ ਦੇ ਲੋਕ ਫਲਾਈਟ ਫੜਨ ਲਈ ਨਹੀਂ ਆ ਸਕਦੇ। ਇਸ ਤੋਂ ਇਲਾਵਾ ਦੇਸ਼ ਅੰਦਰ ਆਉਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਵੀ ਰਹਿਣਾ ਪੈ ਸਕਦਾ ਹੈ। ਇਸੇ ਤਰ੍ਹਾਂ ਘਰੇਲੂ ਉਡਾਨਾਂ ਨੂੰ ਵੀ ਅਜੇ 50-60 ਫ਼ੀਸਦੀ ਦੇ ਲੈਵਲ ਤਕ ਪਹੁੰਚਣ 'ਚ ਵਕਤ ਲਗ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।