ਵਜ਼ਾਰਤੀ ਫੇਰਬਦਲ ਲਈ ਰਾਹ ਪਧਰਾ :  ਕਾਂਗਰਸ-ਜੇਡੀਐਸ ਦੇ ਮੰਤਰੀਆਂ ਨੇ ਅਸਤੀਫ਼ੇ ਦਿਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਦੋਬਦਲ ਲਈ ਮੰਤਰੀਆਂ ਨੇ ਅਪਣੀ ਮਰਜ਼ੀ ਨਾਲ ਅਸਤੀਫ਼ੇ ਦਿਤੇ : ਵੇਣੂਗੋਪਾਲ

Karnataka: Congress, JD(S) ministers resign to enable cabinet reshuffle

ਬੰਗਲੌਰ : ਕਰਨਾਟਕ ਦੀ ਜੇਡੀਯੂ-ਕਾਂਗਰਸ ਗਠਜੋੜ ਸਰਕਾਰ ਦੇ 13 ਵਿÎਧਾਇਕਾਂ ਦੇ ਅਸਤੀਫ਼ਿਆਂ ਨਾਲ ਸੰਕਟ ਵਿਚ ਫਸੀ ਰਾਜ ਸਰਕਾਰ ਨੂੰ ਬਚਾਉਣ ਦੇ ਯਤਨ ਤਹਿਤ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਅਤੇ ਨਾਰਾਜ਼ ਵਿਧਾਇਕਾਂ ਨੂੰ ਵਜ਼ਾਰਤ ਵਿਚ ਜਗ੍ਹਾ ਦੇਣ ਵਾਸਤੇ ਦੋਹਾਂ ਪਾਰਟੀਆਂ ਦੇ ਮੰਤਰੀਆਂ ਨੇ ਸੋਮਵਾਰ ਨੂੰ ਅਪਣੀ ਮਰਜ਼ੀ ਨਾਲ ਅਸਤੀਫ਼ੇ ਦੇ ਦਿਤੇ।  ਕਾਂਗਰਸ ਦੇ ਸਾਰੇ 21 ਮੰਤਰੀਆਂ ਅਤੇ ਜੇਡੀਐਸ ਦੇ ਨੌਂ ਮੰਤਰੀਆਂ ਨੇ ਅਪਣੇ ਅਸਤੀਫ਼ੇ ਦੇ ਦਿਤੇ। ਜੇਡੀਐਸ ਦੇ ਸਾਰੇ ਨੌਂ ਮੰਤਰੀਆਂ ਨੇ ਮੰਤਰੀ ਮੰਡਲ ਵਿਚ ਫੇਰਬਦਲ ਲਈ ਅਪਣੇ ਅਸਤੀਫ਼ੇ ਸੌਂਪ ਦਿਤੇ ਹਨ। ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਦਫ਼ਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। 

ਰਾਜ ਵਿਚ ਗਠਜੋੜ ਸਰਕਾਰ ਦੀ ਭਾਈਵਾਲ ਕਾਂਗਰਸ ਦੇ 21 ਮੰਤਰੀਆਂ ਦੇ ਮੰਤਰੀ ਮੰਡਲ ਤੋਂ ਅਸਤੀਫ਼ੇ ਦਿਤੇ ਜਾਣ ਦੇ ਤੁਰਤ ਬਾਅਦ ਜੇਡੀਐਸ ਦੇ ਮੰਤਰੀਆਂ ਨੇ ਅਸਤੀਫ਼ੇ ਦਿਤੇ। ਮੁੱਖ ਮੰਤਰੀ ਦਫ਼ਤਰ ਨੇ ਟਵਿਟਰ 'ਤੇ ਦਸਿਆ, 'ਜੇਡੀਐਸ ਦੇ ਸਾਰੇ ਮੰਤਰੀਆਂ ਨੇ ਵੀ ਕਾਂਗਰਸ ਦੇ 21 ਮੰਤਰੀਆਂ ਵਾਂਗ ਅਸਤੀਫ਼ੇ ਦਿਤੇ ਹਨ। ਮੰਤਰੀ ਮੰਡਲ ਵਿਚ ਛੇਤੀ ਹੀ ਫੇਰਬਦਲ ਹੋਵੇਗਾ।' ਸੱਤਾਧਿਰ ਗਠਜੋੜ ਦੇ 13 ਵਿਧਾਇਕਾਂ ਦੇ ਅਸਤੀਫ਼ਿਆਂ ਬਾਅਦ ਕਰਨਾਟਕ ਵਿਚ ਸੰਕਟ ਪੈਦਾ ਹੋ ਗਿਆ। ਰਾਜ ਮੰਤਰੀ ਮੰਡਲ ਵਿਚ ਜੇਡੀਐਸ ਦਾ ਹਿੱਸਾ ਮੁੱਖ ਮੰਤਰੀ ਸਮੇਤ 12 ਮੰਤਰੀਆਂ ਦਾ ਹੈ ਜਦਕਿ ਆਜ਼ਾਦ ਵਿਧਾਇਕ ਆਰ ਸ਼ੰਕਰ ਸਮੇਤ ਕਾਂਗਰਸ ਦੇ 22 ਮੰਤਰੀ ਹਨ।

ਸ਼ੰਕਰ ਨੂੰ ਪਿਛਲੇ ਮਹੀਨੇ ਪਾਰਟੀ ਕੋਟੇ ਤੋਂ ਮੰਤਰੀ ਵਜੋਂ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਸੀ। ਉਧਰ, ਕਾਂਗਰਸ ਆਗੂ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਕਰਨਾਟਕ ਮੰਤਰੀ ਮੰਡਲ ਵਿਚ ਫੇਰਬਦਲ ਲਈ ਕਾਂਗਰਸ ਦੇ ਮੰਤਰੀਆਂ ਨੇ ਅਪਣੀ ਇੱਛਾ ਨਾਲ ਅਸਤੀਫ਼ਾ ਦਿਤਾ ਹੈ। ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਘਰ ਹੋਈ ਕਾਂਗਰਸ ਮੰਤਰੀਆਂ ਦੀ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਬੈਠਕ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਸਿਧਾਰਮਈਆ ਅਤੇ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੀ ਹਿੱਸਾ ਲਿਆ। ਇਸ ਬੈਠਕ ਮਗਰੋਂ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਾਂਗਰਸ ਆਗੂਆਂ ਨਾਲ ਗੱਲਬਾਤ ਕੀਤੀ।

ਬੈਠਕ ਮਗਰੋਂ ਵੇਣੂਗੋਪਾਲ ਨੇ ਕਿਹਾ, 'ਪਾਰਟੀ ਦੇ ਵਿਆਪਕ ਹਿੱਤ ਵਿਚ ਕਲ ਅਤੇ ਅੱਜ ਅਸੀਂ ਸੀਨੀਅਰ ਆਗੂਆਂ ਅਤੇ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਅੱਜ ਸਵੇਰੇ ਅਸੀਂ ਮੰਤਰੀਆਂ ਨਾਲ ਬੈਠਕ ਕੀਤੀ। ਮੌਜੂਦਾ ਹਾਲਾਤ ਨੂੰ ਵੇਖਦਿਆਂ ਕਾਂਗਰਸੀ ਮੰਤਰੀਆਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ। ਸਿਧਾਰਮਈਆ ਨੇ ਵੀ ਕਿਹਾ ਕਿ ਸਾਰੇ ਕਾਂਗਰਸ ਮੰਤਰੀਆਂ ਨੇ ਅਪਣੀ ਇੱਛਾ ਨਾਲ ਅਸਤੀਫ਼ਾ ਦੇ ਦਿਤਾ ਹੈ ਅਤੇ ਪਾਰਟੀ ਨੂੰ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਲਈ ਪੂਰੀ ਆਜ਼ਾਦੀ ਹੈ। ਸੋਮਵਾਰ ਨੂੰ ਕਰਨਾਟਕ ਦੇ ਮੰਤਰੀ ਅਤੇ ਆਜ਼ਾਦ ਵਿਧਾਇਕ ਐਚ ਨਾਗੇਸ਼ ਨੇ ਵੀ ਅਸਤੀਫ਼ਾ ਦੇ ਦਿਤਾ ਜਿਹੜਾ ਸਰਕਾਰ ਲਈ ਦੂਜਾ ਝਟਕਾ ਹੈ। ਅਸਤੀਫ਼ਾ ਦੇਣ ਵਾਲੇ 13 ਵਿਧਾਇਕ ਹਾਲੇ ਵੀ ਮੁੰਬਈ ਦੇ ਹੋਟਲ ਵਿਚ ਠਹਿਰੇ ਹੋਏ ਹਨ।