ਕਾਂਗਰਸ ਨੂੰ ਵੱਡਾ ਝਟਕਾ : ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਜਨੀਤੀ

ਮਿਲਿੰਦ ਦੇਵੜਾ ਦਿੱਲੀ ਆ ਰਹੇ ਹਨ ਅਤੇ ਕੋਈ ਵੱਡੀ ਜ਼ਿੰਮੇਵਾਰੀ ਸੰਭਾਲਣਗੇ

Milind Deora resigns as Mumbai Congress president

ਮੁੰਬਈ : ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ 'ਚ ਅਸਤੀਫ਼ਾ ਦੇਣ ਦਾ ਸਿਲਸਿਲਾ ਜਾਰੀ ਹੈ। ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਇਕ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ ਜੋ ਸੂਬਾ ਕਾਂਗਰਸ ਦੀ ਅਗਵਾਈ ਕਰੇਗੀ।

ਮਿਲਿੰਦ ਦੇਵੜਾ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਆ ਰਹੇ ਹਨ ਅਤੇ ਕੋਈ ਵੱਡੀ ਜ਼ਿੰਮੇਵਾਰੀ ਸੰਭਾਲਣਗੇ। ਮਹਾਰਾਸ਼ਟਰ 'ਚ ਫਿਲਹਾਲ ਕਾਂਗਰਸ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ-ਸ਼ਿਵਸੇਨਾ ਗਠਜੋੜ ਅਤੇ ਵੰਚਿਤ ਅਘਾੜੀ ਪਾਰਟੀ ਨਾਲ ਟੱਕਰ ਦੀ ਚੁਣੌਤੀ ਹੈ, ਕਿਉਂਕਿ ਦੋਵੇਂ ਪਾਰਟੀਆਂ ਦਾ ਗਠਜੋੜ ਦਿਨੋਂ-ਦਿਨ ਮਜ਼ਬੂਰ ਹੁੰਦਾ ਜਾ ਰਿਹਾ ਹੈ, ਜਦਕਿ ਕਾਂਗਰਸ ਕਮਜੋਰ ਹੋਈ ਹੈ। 

ਜ਼ਿਕਰਯੋਗ ਹੈ ਕਿ ਬੀਤੀ 26 ਜੂਨ ਨੂੰ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮਿਲਿੰਦ ਦੇਵੜਾ ਨੇ ਅਹੁਦਾ ਛੱਡਣ ਦੀ ਅਪੀਲ ਕੀਤੀ ਸੀ। ਮਿਲਿੰਦ ਦੇਵੜਾ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, "ਇਹ ਗੱਲ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਲਿਕਾਅਰਜੁਨ ਖੜਗੇ ਅਤੇ ਕੇ.ਸੀ. ਵੇਣੁਗੋਪਾਲ ਨੂੰ ਵੀ ਦੱਸ ਦਿੱਤੀ ਗਈ ਸੀ। 

ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿਲਿੰਦ ਦੇਵੜਾ ਨੂੰ ਮੁੰਬਈ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ। ਚੋਣਾਂ ਤੋਂ ਸਿਰਫ਼ ਇਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਕਾਫ਼ੀ ਘੱਟ ਸਮਾਂ ਮੰਨਿਆ ਜਾ ਰਿਹਾ ਸੀ। ਆਪਣੇ ਛੋਟੇ ਕਾਰਜ਼ਕਾਲ 'ਚ ਮਿਲਿੰਦ ਦੇਵੜਾ ਨੇ ਪਾਰਟੀ ਆਗੂਆਂ ਨੂੰ ਇਕਜੁਟ ਕੀਤਾ ਅਤੇ ਮੁੰਬਈ ਕਾਂਗਰਸ 'ਚ ਪਰਵਾਰਵਾਦ ਦੀ ਸਿਆਸਤ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।